ਸੁਖਬੀਰ ਬਾਦਲ ਦਾ ਕਾਂਗਰਸ ''ਤੇ ਇਲਜ਼ਾਮ, ਵਾਅਦੇ ਪੂਰੇ ਕਰਨ ਦੀ ਜਗ੍ਹਾ ਅਕਾਲੀ ਦਲ ਵੱਲੋਂ ਚਲਾਈਆਂ ਸਕੀਮਾਂ ਵੀ ਕੀਤੀਆਂ ਬੰਦ

12/03/2021 5:15:50 PM

ਸ਼ਾਹਕੋਟ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਾਹਕੋਟ ਵਿਖੇ ਰੈਲੀ ਦੌਰਾਨ ਕਾਂਗਰਸ ਸਰਕਾਰ ’ਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਬਾਦਲ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀਆਂ ਨੇ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਵਾਅਦੇ ਕੀਤੇ ਪਰ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਸਗੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਵੀ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵਿਕਾਸ ਦੇ ਸਾਰੇ ਕੰਮ ਰੋਕ ਦਿੱਤੇ, ਪੈਨਸ਼ਨਾਂ ਬੰਦ ਕਰ ਦਿੱਤੀਆਂ, ਸੇਵਾ ਕੇਂਦਰ ਤੇ ਕਬੱਡੀ ਕੱਪ ਵੀ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ 2022 ’ਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਗੱਠਜੋੜ ਸਰਕਾਰ ਆਉਣ ’ਤੇ ਵਿਦੇਸ਼ਾਂ ਵਾਂਗ ਪੰਜਾਬ ਦੇ ਹਰ ਪਰਿਵਾਰ ਦੀ ਮੈਡੀਕਲ ਇੰਸ਼ੋਰੈਂਸ ਕਰਾਵਾਂਗੇ ਤਾਂ ਕਿ ਲੋੜ ਪੈਣ ’ਤੇ ਪਰਿਵਾਰ 10 ਲੱਖ ਤਕ ਦਾ ਇਲਾਜ ਕਰਵਾ ਸਕੇਗਾ। ਇਸ ਦਾ ਪ੍ਰੀਮੀਅਮ ਵੀ ਕੰਪਨੀ ਨੂੰ ਸਰਕਾਰ ਵੱਲੋਂ ਅਦਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਿੱਧੂ ਦਾ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ‘ਆਪ’ ’ਤੇ ਤੰਜ, ਕਿਹਾ-ਕੇਜਰੀਵਾਲ ਨੂੰ ਪੰਜਾਬ ’ਚ ਨਹੀਂ ਮਿਲ ਰਿਹਾ ਲਾੜਾ

ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰ ਨੀਲਾ ਕਾਰਡ ਧਾਰਕ ਔਰਤ ਨੂੰ ਪ੍ਰਤੀ ਮਹੀਨੇ 2000 ਹਜ਼ਾਰ ਰੁਪਏ ਦਿੱਤੇ ਜਾਣਗੇ। ਬਾਦਲ ਨੇ ਕਿਹਾ ਕਿ ਆਪਣੀ ਸਰਕਾਰ ਦੌਰਾਨ ਅਸੀਂ ਬਿਜਲੀ ਪੂਰੀ ਕੀਤੀ ਸੀ ਤੇ ਹੁਣ ਸਰਕਾਰ ਆਉਣ ’ਤੇ ਸਸਤੀ ਬਿਜਲੀ ਦੇਵਾਂਗੇ। ਉਨ੍ਹਾਂ ਕਿਹਾ ਕਿ ਹਰ ਵਰਗ ਨੂੰ ਚਾਹੇ ਐੱਸ. ਸੀ., ਬੀ. ਸੀ. ਜਾਂ ਜਨਰਲ ਹੈ, ਨੂੰ ਪਹਿਲੇ 400 ਯੂਨਿਟ ਮੁਫ਼ਤ ਹੋਣਗੇ, ਉਸ ਤੋਂ ਉਪਰ ਬਿੱਲ ਆਇਆ ਕਰੇਗਾ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਪੜ੍ਹਾਈ ਵਾਸਤੇ ਕਰਜ਼ਾ ਮੁਹੱਈਆ ਕਰਵਾਉਣਗੇ। ਇਸ ਦੌਰਾਨ ਉਨ੍ਹਾਂ ਕੇਜਰੀਵਾਲ ’ਤੇ ਵੀ ਜੰਮ ਕੇ ਹਮਲੇ ਕੀਤੇ। ਜ਼ਿਕਰਯੋਗ ਹੈ ਕਿ ਉਹ ਅੱਜ ਅਕਾਲੀ ਦਲ ਬਸਪਾ ਦੇ ਗੱਠਜੋੜ ਉਮੀਦਵਾਰ ਬਚਿੱਤਰ ਸਿੰਘ ਵੱਲੋਂ ਆਯੋਜਿਤ ਕੀਤੀ ਰੈਲੀ ’ਚ ਪਹੁੰਚੇ ਸਨ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰ ਕੇ ਦੱਸੋ    


Manoj

Content Editor

Related News