ਗੜ੍ਹੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਦੇਵਾਂਗੇ ਮੁਆਵਜ਼ਾ : ਸਰਕਾਰੀਆ

Monday, Feb 04, 2019 - 07:44 PM (IST)

ਗੜ੍ਹੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਦੇਵਾਂਗੇ ਮੁਆਵਜ਼ਾ : ਸਰਕਾਰੀਆ

ਚੰਡੀਗੜ੍ਹ,(ਭੁੱਲਰ) : ਪੰਜਾਬ ਦੇ ਮਾਲ ਤੇ ਕੁਦਰਤੀ ਆਫਤ ਪ੍ਰਬੰਧਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਪਿਛਲੇ ਦਿਨੀਂ ਸੂਬੇ ਦੇ ਕੁਝ ਹਿੱਸਿਆਂ ਵਿਚ ਗੜ੍ਹੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਜਲਦ ਜਾਰੀ ਕਰ ਦਿੱਤਾ ਜਾਵੇਗਾ। ਇੱਥੋਂ ਜਾਰੀ ਇਕ ਬਿਆਨ ਵਿਚ ਮਾਲ ਮੰਤਰੀ ਨੇ ਕਿਹਾ ਕਿ ਖਰਾਬ ਮੌਸਮ ਦੇ ਚੱਲਦਿਆਂ ਕੁਝ ਕਿਸਾਨਾਂ ਦੀਆਂ ਫਸਲਾਂ ਨੂੰ ਗੜ੍ਹੇਮਾਰੀ ਕਾਰਨ ਨੁਕਸਾਨ ਪੁੱਜਾ ਸੀ। ਇਸ ਦੀ ਸੂਚਨਾ ਮਿਲਦੇ ਸਾਰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਰਕਾਰੀਆ ਨੇ ਦੱਸਿਆ ਕਿ ਫਸਲਾਂ ਨੂੰ ਪੁੱਜੇ ਨੁਕਸਾਨ ਦੀਆਂ ਰਿਪੋਰਟਾਂ ਹਾਲੇ ਪ੍ਰਾਪਤ ਹੋ ਰਹੀਆਂ ਹਨ ਅਤੇ ਜਿਉਂ ਹੀ ਇਹ ਮੁਕੰਮਲ ਰਿਪੋਰਟ ਪ੍ਰਾਪਤ ਹੋ ਜਾਵੇਗੀ, ਮਾਲ ਵਿਭਾਗ ਵੱਲੋਂ ਸਬੰਧਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।
ਸਰਕਾਰੀਆ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨ ਪੱਖੀ ਹੈ ਅਤੇ ਕਿਸਾਨਾਂ ਦੀ ਖੁਸ਼ਹਾਲੀ ਤੇ ਕਰਜ਼ਾ ਮੁਕਤੀ ਲਈ ਸਾਰਥਕ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਕਰਜ਼ਾ ਮੁਆਫੀ ਤਹਿਤ ਤਿੰਨ ਵੱਖ-ਵੱਖ ਗੇੜਾਂ ਵਿਚ 5.63 ਲੱਖ ਤੋਂ ਵੀ ਜ਼ਿਆਦਾ ਲਾਭਪਾਤਰੀਆਂ ਦੀ 4513 ਕਰੋੜ ਰੁਪਏ ਦੀ ਰਾਸ਼ੀ ਮੁਆਫ ਕੀਤੀ ਗਈ ਹੈ। ਸਰਕਾਰੀਆ ਨੇ ਦੱਸਿਆ ਕਿ ਫਸਲਾਂ ਦੇ ਖਰਾਬੇ ਦੀ ਮੁਆਵਜ਼ਾ ਰਾਸ਼ੀ ਵੀ 8000 ਤੋਂ ਵਧਾ ਕੇ 12000 ਰੁਪਏ ਦਿੱਤੀ ਜਾ ਰਹੀ ਹੈ।


Related News