ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ
Wednesday, Jul 04, 2018 - 02:52 AM (IST)

ਮਾਨਸਾ(ਜੱਸਲ)-ਜ਼ਮੀਨ ਦੇ ਲੈਣ-ਦੇਣ ਮਾਮਲੇ ’ਚ ਪ੍ਰੇਸ਼ਾਨ ਹੋਏ ਪਿੰਡ ਉੱਭਾ ਵਾਸੀ ਇਕ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਇਸ ਸਬੰਧੀ ਥਾਣਾ ਜੋਗਾ ਦੀ ਪੁਲਸ ਨੇ ਮ੍ਰਿਤਕ ਦੇ ਚਾਚੇ ਦੇ ਲਡ਼ਕੇ ਦੇ ਬਿਆਨਾਂ ’ਤੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਕੋਲ ਲਿਖਾਈ ਰਿਪੋਰਟ ਅਨੁਸਾਰ ਰਾਜਵਿੰਦਰ ਸਿੰਘ ਵਾਸੀ ਪਿੰਡ ਉੱਭਾ ਨਾਲ ਦੋ ਵਿਅਕਤੀਆਂ ਨੇ ਉਸਦੀ 3 ਕਿੱਲੇ 8 ਮਰਲੇ ਜ਼ਮੀਨ ਦਾ ਬਿਆਨਾਂ ਪਿੰਡ ਦੇ ਹੀ ਵਿਅਕਤੀ ਨਾਲ ਕਰਵਾਉਂਦਿਆਂ ਉਸ ਨੂੰ ਪਿੰਡ ਭਾਈਦੇਸਾ ਵਿਖੇ 6 ਕਿੱਲੇ ਜ਼ਮੀਨ ਦਿਵਾਉਣ ਦਾ ਭਰੋਸਾ ਦਿੱਤਾ ਪਰ ਉਕਤ ਵਿਅਕਤੀਆਂ ਨੇ ਨਾ ਤਾਂ ਬਿਆਨੇ ਦੀ ਰਕਮ 9 ਲੱਖ ਰੁਪਏ ਰਾਜਵਿੰਦਰ ਨੂੰ ਦਿੱਤੀ ਅਤੇ ਨਾ ਹੀ ਉਸ ਨੂੰ ਕੋਈ ਜ਼ਮੀਨ ਦਿਵਾਈ, ਜਿਸ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਏ ਰਾਜਵਿੰਦਰ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਸਹਾਇਕ ਥਾਣੇਦਾਰ ਗੁਰਨੈਬ ਸਿੰਘ ਨੇ ਮ੍ਰਿਤਕ ਦੇ ਚਾਚੇ ਦੇ ਲਡ਼ਕੇ ਕੁਲਵਿੰਦਰ ਸਿੰਘ ਦੇ ਬਿਆਨਾਂ ’ਤੇ ਕੁਲਦੀਪ ਸਿੰਘ ਵਾਸੀ ਪਿੰਡ ਬੁਰਜ ਝੱਬਰ ਅਤੇ ਨਾਜਮ ਸਿੰਘ ਵਾਸੀ ਉੱਭਾ ਦੇ ਖਿਲਾਫ਼ ਰਾਜਵਿੰਦਰ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।