ਪ੍ਰਵਾਸੀ ਮਜ਼ਦੂਰ ਨੇ ਲਿਆ ਫਾਹਾ, ਮੌਤ
Saturday, Mar 31, 2018 - 03:03 AM (IST)

ਬਠਿੰਡਾ(ਸੁਖਵਿੰਦਰ)-ਭਾਗੂ ਰੋਡ 'ਤੇ ਇਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਕਮਰੇ 'ਚ ਜਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪਤਾ ਲੱਗਾ ਹੈ ਕਿ ਉਕਤ ਮਜ਼ਦੂਰ ਰਿਫਾਈਨਰੀ 'ਚ ਮਜ਼ਦੂਰੀ ਕਰਦਾ ਸੀ ਤੇ ਉੱਥੇ ਇਕੱਲਾ ਹੀ ਰਹਿੰਦਾ ਸੀ। ਮ੍ਰਿਤਕ ਦੇ ਕਮਰੇ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਉਸ ਨੇ ਆਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਨਾਲ ਹੀ ਸੁਸਾਈਡ ਨੋਟ 'ਚ ਆਪਣਾ ਸਰੀਰ ਮੈਡੀਕਲ ਖੋਜ ਲਈ ਦੇਣ ਦੀ ਆਖਰੀ ਇੱਛਾ ਵੀ ਪ੍ਰਗਟਾਈ ਹੈ। ਪੁਲਸ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮਜ਼ਦੂਰ ਕੰਨਣ (35) ਵਾਸੀ ਗਲੀ ਨੰ. 13 ਭਾਗੂ ਰੋਡ ਮੂਲ ਵਾਸੀ ਕੇਰਲ ਨੇ ਆਪਣੇ ਕਮਰੇ 'ਚ ਛੱਤ ਦੀ ਹੁੱਕ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਥਾਣਾ ਕੈਂਟ ਪੁਲਸ ਤੇ ਸਹਾਰਾ ਜਨਸੇਵਾ ਦੇ ਵਰਕਰ ਸੰਦੀਪ ਗੋਇਲ, ਰਾਜਿੰਦਰ ਕੁਮਾਰ, ਮਨੀ ਸ਼ਰਮਾ ਆਦਿ ਮੌਕੇ ਪਹੁੰਚੇ। ਵਰਕਰਾਂ ਨੇ ਲਾਸ਼ ਨੂੰ ਹੇਠਾਂ ਉਤਾਰਿਆ ਤੇ ਪੁਲਸ ਦੀ ਜਾਂਚ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਘਟਨਾ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।
ਸੁਸਾਈਡ ਨੋਟ ਵਿਚ ਲਿਖਿਆ, 'ਹੁਣ ਮਰਨਾ ਚੰਗਾ ਲੱਗ ਰਿਹਾ ਹੈ'
ਮ੍ਰਿਤਕ ਦੇ ਕਮਰੇ ਤੋਂ ਮਿਲੇ ਸੁਸਾਈਡ ਨੋਟ 'ਚ ਉਸ ਨੇ ਆਪਣੀ ਭੈਣ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਹੈ ਕਿ ਉਸ ਨੇ ਆਪਣੀ ਜ਼ਿੰਦਗੀ 'ਚ ਉਹ ਹੀ ਕੀਤਾ ਜੋ ਉਸ ਨੂੰ ਚੰਗਾ ਲੱਗਿਆ। ਹੁਣ ਉਹ ਮਰਨਾ ਚਾਹੁੰਦਾ ਹੈ ਕਿਉਂਕਿ ਹੁਣ ਉਸ ਨੂੰ ਮਰਨਾ ਚੰਗਾ ਲੱਗ ਰਿਹਾ ਹੈ। ਭੈਣ ਨੂੰ ਲਿਖਿਆ ਕਿ ਉਹ ਖੂਬ ਪੜ੍ਹੇ ਤੇ ਵਕੀਲ ਬਣ ਕੇ ਮਾਂ-ਬਾਪ ਦੀ ਸੇਵਾ ਕਰੇ। ਉਸ ਨੇ ਇਹ ਵੀ ਲਿਖਿਆ ਕਿ ਉਸ ਦੀ ਮੌਤ 'ਤੇ ਕੋਈ ਹੰਝੂ ਨਾ ਵਹਾਏ ਤੇ ਨਾ ਹੀ ਕੋਈ ਕਰਮ-ਕਾਂਡ ਕੀਤਾ ਜਾਵੇ। ਉਸ ਨੇ ਆਪਣਾ ਸਰੀਰ ਸਾੜਨ ਦੀ ਬਜਾਏ ਮੈਡੀਕਲ ਖੋਜਾਂ ਲਈ ਦੇਣ ਦੀ ਇੱਛਾ ਪ੍ਰਗਟਾਈ।