ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾਉਣ ਵਾਲੇ ਨੌਜਵਾਨ ਦੀ ਲਾਸ਼ ਮਿਲੀ

Tuesday, Feb 16, 2021 - 04:13 PM (IST)

ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾਉਣ ਵਾਲੇ ਨੌਜਵਾਨ ਦੀ ਲਾਸ਼ ਮਿਲੀ

ਸਾਦਿਕ (ਪਰਮਜੀਤ)- ਪਿਛਲੀ ਦਿਨੀਂ ਆਪਣੀ ਮੌਤ ਤੋਂ ਪਹਿਲਾਂ ਵੀਡੀਓ ਬਣਾ ਕੇ ਆਪਣੇ ਸਹੁਰਾ ਪਰਿਵਾਰ ਨੂੰ ਮੌਤ ਦਾ ਦੋਸ਼ੀ ਠਹਿਰਾਉਣ ਵਾਲੇ ਸਾਦਿਕ ਨੇੜੇ ਪਿੰਡ ਦੀਪ ਸਿੰਘ ਵਾਲਾ ਦੇ ਨੌਜਵਾਨ ਦੀ ਲਾਸ਼ ਰਾਜਸਥਾਨ ਨਹਿਰ ਵਿਚੋਂ ਮਿਲੀ ਹੈ। ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਤੇ ਤਿੰਨ ਧੀਆਂ ਹਨ ਤੇ ਇੱਕ ਪੁੱਤਰ ਦੀ ਲਾਸ਼ ਅੱਜ ਸਲਾਮੇਵਾਲਾ (ਰਾਜਸਥਾਨ) ਨਹਿਰ ਵਿਚੋਂ ਮਿਲੀ ਹੈ। ਪੋਸਟ ਮਾਰਟਮ ਉਪਰੰਤ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿੰਡ ਦੀਪ ਸਿੰਘ ਵਾਲਾ ਦੇ ਇਕ ਨੌਜਵਾਨ ਗੁਰਪਿਆਰ ਸਿੰਘ ਵੱਲੋਂ ਵੀਡੀਓ ਰਾਹੀਂ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੀ ਪਤਨੀ ਤੇ ਸਹੁਰੇ ਪਰਿਵਾਰ ਨੂੰ ਦੱਸਿਆ ਸੀ। ਉਸ ਸਮੇਂ ਮ੍ਰਿਤਕ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਸੀ ਕਿ ਸ਼ਾਮ ਨੂੰ ਤਕਰੀਬਨ 3 ਵਜੇ ਉਸਦਾ ਲੜਕਾ ਮੋਟਰਸਾਈਕਲ ਉਪਰ ਕੰਮ 'ਤੇ ਚਲਾ ਗਿਆ। ਉਸ ਦੇ ਸਹੁਰਾ ਪਰਿਵਾਰ ਵੱਲੋਂ ਲੜਕੇ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਗੁਰਪਿਆਰ ਦੇ ਦੋ ਬੱਚੇ ਲੜਕਾ ਤੇ ਲੜਕੀ ਹਨ।

ਮ੍ਰਿਤਕ ਦਾ ਸਮਾਨ ਨਹਿਰ ਦੇ ਕੰਢੇ ਤੋਂ ਮਿਲਿਆ ਸੀ ਪਰ ਉਹ ਆਪ ਨਹੀਂ ਮਿਲਿਆ ਸੀ। ਨੌਜਵਾਨ ਗੁਰਪਿਆਰ ਸਿੰਘ ਮੋਟਰਸਾਈਕਲ ਲੈ ਕੇ ਨਹਿਰ ਕਿਨਾਰੇ ਪੁੱਜਾ ਤੇ ਵੀਡੀਓ ਰਾਂਹੀ ਆਪਣੇ ਦੋਸਤ ਗੋਪੀ ਨੂੰ ਕਹਿ ਰਿਹਾ ਹੈ ਕਿ ''ਮੇਰਾ ਮੋਟਰ ਸਾਈਕਲ ਨਹਿਰ 'ਤੇ ਖੜ੍ਹਾ ਹੈ ਤੇ ਮੇਰੀ ਮੌਤ ਦੀ ਜ਼ਿੰਮੇਵਾਰ ਮੇਰੀ ਪਤਨੀ ਤੇ ਸਹੁਰਾ ਪਰਿਵਾਰ ਹੈ, ਉਨ੍ਹਾਂ ਨੇ ਮੇਰੀ ਇਕ ਨਹੀਂ ਸੁਣੀ ਤੇ ਬਹੁਤ ਗੱਲਾਂ ਕੀਤੀਆਂ ਹਨ, ਚੰਗਾ ਗੁੱਡ ਬਾਏ।'' ਇਸ ਵੀਡੀਓ ਤੋਂ ਬਾਅਦ ਪਰਿਵਾਰ ਅਤੇ ਸਾਦਿਕ ਪੁਲਸ ਗੁਰਪਿਆਰ ਨੂੰ ਲੱਭਣ ਲਈ ਯਤਨ ਕਰ ਰਹੀ ਸੀ।

ਕੀ ਕਹਿੰਦੇ ਹਨ ਥਾਣਾ ਮੁਖੀ ?
ਥਾਣਾ ਸਾਦਿਕ ਦੇ ਮੁੱਖ ਅਫਸਰ ਰਾਜਬੀਰ ਸਿੰਘ ਸਰਾਂ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਬਾਰੇ ਜਾਣਕਾਰੀ ਮਿਲ ਚੁੱਕੀ ਹੈ ਤੇ ਪਰਿਵਾਰ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


author

Gurminder Singh

Content Editor

Related News