ਬਕਾਇਆ ਰਾਸ਼ੀ ਦੀ ਮੰਗ ਨੂੰ ਲੈ ਕੇ ਖੰਡ ਮਿੱਲ ਦੇ ਬਾਇਲਰ ਕਿਸਾਨ ਨੇ ਲਾਇਆ ਮੋਰਚਾ

10/22/2019 6:16:39 PM

ਧੂਰੀ (ਸੰਜੀਵ ਜੈਨ) : ਸਥਾਨਕ ਸ਼ੂਗਰ ਮਿੱਲ ਵੱਲ ਗੰਨਾ ਕਾਸ਼ਤਕਾਰਾਂ ਦੇ ਰਹਿੰਦੇ ਕਰੋੜਾਂ ਰੁਪਏ ਦੇ ਬਕਾਏ ਦੀ ਮੰਗ ਨੂੰ ਲੈ ਕੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਵਲੋਂ ਮੁੜ ਤੋਂ ਸੰਘਰਸ਼ ਵਿੱਢਿਆ ਗਿਆ ਹੈ। ਖੰਡ ਮਿੱਲ ਪ੍ਰਬੰਧਕਾਂ ਵੱਲੋਂ ਬਕਾਇਆ ਅਦਾਇਗੀ ਕਰਨ ਦੇ ਦਿੱਤੇ ਗਏ ਭਰੋਸੇ ਨੂੰ ਵਾਰ-ਵਾਰ ਤੋੜੇ ਜਾਣ ਤੋਂ ਨਾਰਾਜ਼ ਚਾਰ ਕਿਸਾਨ ਅੱਜ ਖੰਡ ਮਿੱਲ ਦੇ ਉੱਚੇ ਬਾਇਲਰ 'ਤੇ ਜਾ ਚੜ੍ਹੇ। ਬਾਇਲਰ 'ਤੇ ਚੜ੍ਹਣ ਵਾਲੇ ਕਿਸਾਨਾਂ 'ਚ ਹਰਜੀਤ ਸਿੰਘ ਬੁਗਰਾ, ਭਵਨ ਕਹੇਰੂ, ਬਹਾਦਰ ਸਿੰਘ ਈਸੜਾ ਅਤੇ ਨਿਰਭੈ ਸਿੰਘ ਈਨਾਂ ਬਾਜਵਾ ਸ਼ਾਮਲ ਸਨ। ਇਸ ਦੌਰਾਨ ਬਾਕੀ ਕਿਸਾਨ ਵੀ ਮਿੱਲ ਦੇ ਗੇਟ ਅੱਗੇ ਅੰਦਰ ਧਰਨੇ 'ਤੇ ਡਟੇ ਰਹੇ।

ਧਰਨੇ 'ਤੇ ਬੈਠੇ ਗੰਨਾ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਖੰਡ ਮਿੱਲ ਵੱਲ ਰਹਿੰਦੀ 5 ਕਰੋੜ 88 ਲੱਖ ਰੁਪਏ ਦੀ ਅਦਾਇਗੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਗੰਨਾ ਕਾਸ਼ਤਕਾਰ ਲੰਘੀ ਫਰਵਰੀ ਤੋਂ ਆਪਣੀ ਰੁਕੀ ਹੋਈ ਰਕਮ ਦੀ ਅਦਾਇਗੀ ਕਰਵਾਉਣ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਖੰਡ ਮਿੱਲ ਪ੍ਰਬੰਧਕ ਇਕ ਵਾਰ ਨਹੀਂ, ਸਗੋਂ ਅਨੇਕਾਂ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਅਦਾਇਗੀ ਕਰਨ ਦੇ ਲਿਖਤੀ ਭਰੋਸਾ ਦੇਣ ਦੇ ਬਾਵਜੂਦ ਵਾਰ-ਵਾਰ ਆਪਣੇ ਵਾਅਦਿਆਂ ਤੋਂ ਮੁੱਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਅੱਕੇ ਹੋਏ ਕਿਸਾਨ ਉਦੋਂ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ, ਜਦੋਂ ਤਕ ਉਨ੍ਹਾਂ ਦੇ ਬਕਾਇਆ ਰਹਿੰਦੇ 5 ਕਰੋੜ 88 ਲੱਖ ਰੁਪਏ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਾਇਲਰ 'ਤੇ ਚੜ੍ਹੇ ਚਾਰੇ ਕਿਸਾਨ ਆਗੂ ਬਕਾਇਆ ਅਦਾਇਗੀ ਨਾ ਹੋਣ ਤੱਕ ਲਗਾਤਾਰ ਭੁੱਖ ਹੜਤਾਲ ਜਾਰੀ ਰੱਖਣਗੇ।


Gurminder Singh

Content Editor

Related News