ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖੁਦਕੁਸ਼ੀ

06/24/2017 7:45:01 AM

ਲਾਂਬੜਾ(ਵਰਿੰਦਰ)-ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਚੁਗਾਵਾਂ ਦੇ ਨੇੜੇ ਇਕ ਮੱਕੀ ਦੇ ਖੇਤ ਵਿਚੋਂ ਅੱਜ ਸ਼ਾਮ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਦੀ ਸੂਚਨਾ ਮਿਲਦੇ ਹੀ ਐੱਸ. ਆਈ. ਪੁਸ਼ਪ ਬਾਲੀ ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਮ੍ਰਿਤਕ ਦੀ ਪਛਾਣ ਗੁਰਦੀਪ ਲਾਲ ਪੁੱਤਰ ਗੁਰਦਾਸ ਲਾਲ ਵਾਸੀ ਪਿੰਡ ਸੰਮੀਪੁਰ ਵਜੋਂ ਦੱਸੀ। ਮ੍ਰਿਤਕ ਖਾਂਬਰਾ ਦੀ ਐਲਡੀਗੋ ਗਰੀਨ ਕੰਪਨੀ ਵਿਚ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਗੁਰਦੀਪ ਲਾਲ ਬੀਤੀ ਕੱਲ ਸ਼ਾਮ ਸਮੇਂ ਕਿਸੇ ਪ੍ਰੇਸ਼ਾਨੀ ਦੇ ਕਾਰਨ ਆਪਣਾ ਮੋਬਾਇਲ ਤੇ ਪਰਸ ਆਪਣੇ ਘਰ ਛੱਡ ਕੇ ਬਿਨਾਂ ਕਿਸੇ ਨੂੰ ਕੁਝ ਵੀ ਦੱਸੇ ਸਾਈਕਲ 'ਤੇ ਕਿਧਰੇ ਚਲਿਆ ਗਿਆ ਸੀ। ਅੱਜ ਸ਼ਾਮ ਸਮੇਂ ਉਸ ਦੀ ਖੇਤ ਵਿਚ ਪਈ ਲਾਸ਼ ਪੁਲਸ ਵਲੋਂ ਬਰਾਮਦ ਕੀਤੀ ਗਈ ਹੈ। ਸਥਾਨਕ ਪੁਲਸ ਮੁਤਾਬਕ ਗੁਰਦੀਪ ਲਾਲ ਦੀ ਮੌਤ ਕੋਈ ਜ਼ਹਿਰੀਲਾ ਪਦਾਰਥ ਖਾਣ ਕਾਰਨ ਹੋਈ ਹੈ। ਮ੍ਰਿਤਕ ਦੀ ਸ਼ਨਾਖਤ ਉਸ ਦੇ ਪਿਤਾ ਤੇ ਬੇਟੇ ਵਲੋਂ ਕੀਤੀ ਗਈ। ਇਸ ਸੰਬੰਧੀ ਐੱਸ. ਆਈ. ਪੁਸ਼ਪ ਬਾਲੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਪਾਇਆ ਗਿਆ ਹੈ ਕਿ ਮ੍ਰਿਤਕ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਖੁਦਕੁਸ਼ੀ ਕੀਤੀ ਹੈ। ਪੁਲਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਦੇਰ ਸ਼ਾਮ ਤਕ ਪੁਲਸ ਵਲੋਂ ਮ੍ਰਿਤਕ ਵਲੋਂ ਕੀਤੀ ਗਈ ਖੁਦਕੁਸ਼ੀ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਸੀ।


Related News