ਜਥੇਦਾਰ ਗਿਆਨੀ ਗੁਰਬਚਨ ਸਿੰਘ ਨਹੀਂ ਦੇਖ ਸਕੇ ਲੰਗਾਹ ਦੀ ਵੀਡੀਓ
Thursday, Oct 05, 2017 - 04:20 AM (IST)
ਕਿਹਾ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ
ਅੰਮ੍ਰਿਤਸਰ(ਪ੍ਰਵੀਨ ਪੁਰੀ)-ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਜਿਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਮਿੰਟਾਂ-ਸਕਿੰਟਾਂ 'ਚ ਵਧ ਰਹੀ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀਡੀਓ ਨੂੰ ਦੇਖ ਨਹੀਂ ਸਕੇ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਵੀਡੀਓ ਪਹੁੰਚ ਚੁੱਕੀ ਹੈ ਪਰ ਜਦੋਂ ਉਹ ਦੇਖਣ ਲੱਗੇ ਤਾਂ ਉਨ੍ਹਾਂ ਦੀ ਜ਼ਮੀਰ ਨੇ ਇਜਾਜ਼ਤ ਹੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਉਹ ਅਜਿਹੀ ਫਿਲਮ ਦੇਖ ਹੀ ਨਹੀਂ ਸਕੇ ਜਿਸ ਵਿਚ ਪੰਥਕ ਰਹਿਤ ਮਰਿਆਦਾਵਾਂ ਨੂੰ ਦਾਅ 'ਤੇ ਲਾ ਦਿੱਤਾ ਗਿਆ ਹੈ। ਇਹ ਵੀਡੀਓ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਾ ਰਹੀ ਹੈ। ਇਸ ਵੀਡੀਓ ਨਾਲ ਸਿੱਖ ਕੌਮ ਦੀ ਬਹੁਤ ਬਦਨਾਮੀ ਹੋ ਰਹੀ ਹੈ। ਉਹ ਇਸ ਨੂੰ ਲੈ ਕੇ ਖੁਦ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਲਾਹਕਾਰ ਕਮੇਟੀ ਜੋ ਵੀ ਉਨ੍ਹਾਂ ਨੂੰ ਸੁਝਾਅ ਦੇਵੇਗੀ ਉਨ੍ਹਾਂ 'ਤੇ ਹੀ ਵਿਚਾਰ ਕੀਤਾ ਜਾਵੇਗਾ। ਵੀਡੀਓ ਦੀ ਜੇ ਜਾਂਚ ਜ਼ਰੂਰੀ ਸਮਝੀ ਗਈ ਤਾਂ ਉਹ ਵੀ ਕਰਵਾਉਣ ਦੀ ਗੱਲ ਹੋ ਸਕਦੀ ਹੈ। ਇਸ ਗੱਲ ਦਾ ਖਦਸ਼ਾ ਹੋ ਸਕਦਾ ਹੈ ਕਿ ਵੀਡੀਓ ਨੂੰ ਐਡਿਟ ਕੀਤਾ ਗਿਆ ਹੋਵੇ। ਗੁਰਦਾਸਪੁਰ ਦੀਆਂ ਜ਼ਿਮਨੀ ਚੋਣਾਂ 'ਚ ਸਿਆਸੀ ਲਾਭ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਨ੍ਹਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਸਿਰਫ ਵੀਡੀਓ 'ਤੇ ਧਿਆਨ ਕੇਂਦਰਿਤ ਕਰ ਰਹੇ ਲੱਗਦੇ ਹਨ। ਜ਼ਿਕਰਯੋਗ ਹੈ ਕਿ 4.43 ਮਿੰਟ ਦੀ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦਾ ਰਿਵਿਊ ਹੋ ਰਿਹਾ ਹੈ। ਇਸ ਵੀਡੀਓ ਦੇ ਨਾਲ ਹੀ ਘੁਬਾਇਆ ਸਿੰਘ ਦੀ ਵੀਡੀਓ ਦੀ ਵੀ ਚਰਚਾ ਛਿੜ ਰਹੀ ਹੈ। ਸੁੱਚਾ ਸਿੰਘ ਲੰਗਾਹ ਦੀ ਵੀਡੀਓ ਤੋਂ ਪਹਿਲਾਂ ਆਮ ਫਿਲਮਾਂ ਦੀ ਤਰ੍ਹਾਂ ਨੰਬਰੀ ਆਉਂਦੀ ਹੈ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੁੱਚਾ ਸਿੰਘ ਲੰਗਾਹ ਬਾਰੇ ਪੂਰੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ। ਫਿਲਮ ਦੇ ਪਹਿਲੇ 21 ਸਕਿੰਟ ਵਿਚ ਸਕਰੀਨ 'ਤੇ ਲੋਕੇਸ਼ਨ ਹੀ ਨਜ਼ਰ ਆਉਂਦੀ ਹੈ। ਵੀਡੀਓ ਦੇਖਣ ਵਾਲਿਆਂ ਦਾ ਸਸਪੈਂਸ ਵਧ ਜਾਂਦਾ ਹੈ ਪਰ ਉਦੋਂ ਪੰਥ ਨਾਲ ਜੁੜੇ ਹਿਤੈਸ਼ੀਆਂ ਦੇ ਹੱਥ-ਪੈਰ ਕੰਬਣ ਲੱਗ ਪੈਂਦੇ ਹਨ, ਜਦੋਂ ਉਹ ਆਪ ਹੀ ਆਪਣੀ ਪੱਗ ਲਾਹ ਕੇ ਕੁਰਸੀ 'ਤੇ ਰੱਖ ਦਿੰਦਾ ਹੈ। ਅਗਲੇ 45 ਸਕਿੰਟ ਭਾਵੇਂ ਦੇਖਣ ਵਾਲਿਆਂ ਨੂੰ ਬੋਰ ਕਰਦੇ ਹਨ ਪਰ ਬਾਅਦ ਵਿਚ ਵੀਡੀਓ ਦਾ ਮਕਸਦ ਸਾਹਮਣੇ ਆਉਣਾ ਸ਼ੁਰੂ ਕਰ ਦਿੰਦਾ ਹੈ।
