ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਨਗੇ ''ਸੁੱਚਾ ਸਿੰਘ ਛੋਟੇਪੁਰ'' !

02/06/2019 9:28:03 AM

ਚੰਡੀਗੜ੍ਹ (ਜੱਸੋਵਾਲ) : ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ 'ਪੰਜਾਬ ਡੈਮੋਕ੍ਰੇਟਿਕ ਅਲਾਇੰਸ' ਵਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਹਨ। ਇਸ ਗੱਲ ਦਾ ਖੁਲਾਸਾ 'ਪੰਜਾਬੀ ਏਕਤਾ ਪਾਰਟੀ' ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਛੋਟੇਪੁਰ ਨੂੰ ਮਿਲਣ ਤੋਂ ਬਾਅਦ ਕੀਤਾ। ਛੋਟੇਪੁਰ ਅਤੇ ਖਹਿਰਾ ਦੀ ਕਰੀਬ ਇਕ ਘੰਟਾ ਬੰਦ ਕਮਰੇ 'ਚ ਮੀਟਿੰਗ ਹੋਈ, ਜਿਸ ਦੌਰਾਨ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ। ਮੀਟਿੰਗ ਤੋਂ ਬਾਅਦ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਅਲਾਇੰਸ 'ਚ ਸ਼ਾਮਲ ਹੋਣ ਲਈ ਛੋਟੇਪੁਰ ਨੂੰ ਰਾਜ਼ੀ ਕੀਤਾ ਜਾ ਰਿਹਾ ਹੈ ਅਤੇ ਜੇਕਰ ਉਹ ਅਲਾਇੰਸ ਨਾਲ ਆ ਜਾਂਦੇ ਹਨ ਤਾਂ ਉਨ੍ਹਾਂ ਨੂੰ ਗੁਰਦਾਸਪੁਰ ਲੋਕ ਸਭਾ ਦੀ ਸੀਟ ਤੋਂ ਚੋਣ ਲੜਨ ਲਈ ਟਿਕਟ ਦੇ ਦਿੱਤੀ ਜਾਵੇਗੀ।
ਇਸ ਬਾਰੇ ਛੋਟੇਪੁਰ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸੁਖਪਾਲ ਖਹਿਰਾ ਉਨ੍ਹਾਂ ਨਾਲ ਰਸਮੀਂ ਗੱਲਬਾਤ ਲਈ ਆਏ ਸਨ ਅਤੇ ਉਹ ਆਪਣੀ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ 2-3 ਦਿਨਾਂ 'ਚ ਮੀਟਿੰਗ ਕਰਕੇ ਇਸ ਬਾਰੇ ਕੁਝ ਫੈਸਲਾ ਲੈਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਸੁੱਚਾ ਸਿੰਘ ਛੋਟੇਪੁਰ, ਖਹਿਰਾ ਦੇ ਅਲਾਇੰਸ 'ਚ ਆਉਂਦੇ ਹਨ ਜਾਂ ਨਹੀਂ। 


Babita

Content Editor

Related News