ਵਿਦਿਆਰਥੀਆਂ ਨੇ ਕੀਤਾ ਸਰਹਿੰਦ ਨੈਸ਼ਨਲ ਹਾਈਵੇ ਜਾਮ, ਕਾਲਜ ਮੈਨੇਜਮੈਂਟ ''ਤੇ ਲਾਏ ਗੰਭੀਰ ਦੋਸ਼
Friday, May 08, 2026 - 08:33 PM (IST)
ਫਤਿਹਗੜ੍ਹ ਸਾਹਿਬ (ਬਿਪਿਨ ਭਾਰਦਵਾਜ) - ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਸਥਿਤ ਰਿਮਟ ਮੈਡੀਕਲ ਕਾਲਜ ਐਂਡ ਹੋਸਪਿਟਲ ਵਿਖੇ ਬੀ.ਐਸ.ਸੀ. ਨਰਸਿੰਗ ਦੀ ਪੜ੍ਹਾਈ ਕਰ ਰਹੇ ਕੁਝ ਵਿਦਿਆਰਥੀਆਂ ਵੱਲੋਂ ਕਾਲਜ ਮੈਨੇਜਮੈਂਟ ਖਿਲਾਫ ਗੰਭੀਰ ਦੋਸ਼ ਲਗਾਉਂਦਿਆਂ ਬੀਤੀ ਰਾਤ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਅੱਜ ਵਿਦਿਆਰਥੀਆਂ ਨੇ ਸਰਹਿੰਦ ਨੈਕਸ਼ਲ ਹਾਈਵੇ ਜਾਮ ਕੀਤਾ। ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਕਾਲਜ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੋਂ ਪ੍ਰਮਾਣਿਤ ਹੋਣ ਦਾ ਦਾਅਵਾ ਕਰਕੇ ਉਹਨਾਂ ਤੋਂ ਮੋਟੀਆਂ ਫੀਸਾਂ ਵਸੂਲੀਆਂ ਗਈਆਂ, ਪਰ ਹੁਣ ਡਿਗਰੀ ਪੂਰੀ ਹੋਣ ਤੋਂ ਬਾਅਦ ਵੀ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾ ਰਹੇ।
ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਆਪਣੀਆਂ ਡਿਗਰੀਆਂ ਅਤੇ ਸਰਟੀਫਿਕੇਟਾਂ ਦੀ ਮੰਗ ਕੀਤੀ ਗਈ ਤਾਂ ਕਾਲਜ ਪ੍ਰਬੰਧਕਾਂ ਵੱਲੋਂ ਬਾਰ-ਬਾਰ ਟਾਲ ਮਟੋਲ ਕੀਤੀ ਜਾਂਦੀ ਰਹੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਿਰੋਧ ਵਧਣ ਉਪਰੰਤ ਕਾਲਜ ਮੈਨੇਜਮੈਂਟ ਉਹਨਾਂ ਨੂੰ ਦਿੱਲੀ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਦਫ਼ਤਰ ਲੈ ਕੇ ਗਈ, ਜਿੱਥੇ ਉਹਨਾਂ ਨੂੰ ਦੱਸਿਆ ਗਿਆ ਕਿ ਕਾਲਜ ਉੱਪਰ ਕੇਸ ਚੱਲ ਰਹੇ ਹੋਣ ਕਾਰਨ ਇਹ ਸੰਸਥਾ ਹੁਣ ਐਸੋਸੀਏਸ਼ਨ ਵੱਲੋਂ ਪ੍ਰਮਾਣਿਤ ਨਹੀਂ ਹੈ।
ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਬੀਤੀ ਰਾਤ ਉਹਨਾਂ ਵੱਲੋਂ ਕਾਲਜ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੌਰਾਨ ਪੁਲਸ ਵੱਲੋਂ ਕੁਝ ਵਿਦਿਆਰਥੀਆਂ ਨੂੰ ਰਾਉਂਡ ਅਪ ਕਰ ਲਿਆ ਗਿਆ ਸੀ, ਜਿਸ ਦੇ ਵਿਰੋਧ ਵਿੱਚ ਅੱਜ ਉਹਨਾਂ ਵੱਲੋਂ ਸਰਹਿੰਦ ਦੇ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਦੂਜੇ ਪਾਸੇ ਜਦੋਂ ਕਾਲਜ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਇਸ ਮਾਮਲੇ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਫਤਿਹਗੜ੍ਹ ਸਾਹਿਬ ਦੇ ਡੀ.ਐਸ.ਪੀ. ਕੁਲਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਰਟੀਫਿਕੇਟ ਨਾ ਦਿੱਤੇ ਜਾਣ ਦੇ ਰੋਸ਼ ਵਿੱਚੋਂ ਵਿਦਿਆਰਥੀਆਂ ਨੇ ਸਰਹਿੰਦ ਨੈਸ਼ਨਲ ਹਾਈਵੇ ਜਾਮ ਕੀਤਾ ਹੈ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਸ ਮੁਖੀ ਨਾਲ ਵਿਦਿਆਰਥੀਆਂ ਦੀ ਗੱਲ ਕਰਵਾ ਕੇ ਮਸਲਾ ਹੱਲ ਕੀਤਾ ਜਾਵੇਗਾ।
