ਸਕੂਲ ਦੇ ਪ੍ਰਿੰਸੀਪਲ ਦਾ ਕਾਰਾ, 12ਵੀਂ ਦੇ ਵਿਦਿਆਰਥੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ

Thursday, Oct 17, 2019 - 04:14 PM (IST)

ਸਕੂਲ ਦੇ ਪ੍ਰਿੰਸੀਪਲ ਦਾ ਕਾਰਾ, 12ਵੀਂ ਦੇ ਵਿਦਿਆਰਥੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਪਿੰਡ ਜੱਲੋਵਾਲ 'ਚ ਚਲ ਰਹੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਇਕ 12ਵੀਂ ਦੇ ਵਿਦਿਆਰਥੀ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਦੀ ਹਾਲਤ ਨਾਜ਼ੁਕ ਹੋਣ ਦੇ ਚੱਲਦੇ ਉਸ ਨੂੰ ਸਰਕਾਰੀ ਹਸਪਤਾਲ ਮਾਹਿਲਪੁਰ ਭਰਤੀ ਕਰਵਾਇਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਹਿਲਪੁਰ ਹਸਪਤਾਲ 'ਚ ਦਾਖਲ ਗੁਰਪ੍ਰੀਤ ਸਿੰਘ ਅਤੇ ਉਸ ਦੇ ਪਿਤਾ-ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜੱਲੋਵਾਲ ਦੇ ਇਕ ਨਿੱਜੀ ਸਕੂਲ ਗੁਰੂ ਅਰਜਨ ਦੇਵ 'ਚ ਪਿਛਲੇ 6 ਸਾਲ ਤੋਂ ਪੜ੍ਹ ਰਿਹਾ ਹੈ ਅਤੇ ਹੁਣ ਉਹ 12ਵੀਂ ਦਾ ਵਿਦਿਆਰਥੀ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਛੁੱਟੀ ਤੋਂ ਬਾਅਦ ਉਨ੍ਹਾਂ ਦਾ ਲੜਕਾ ਘਰ ਆਇਆ ਤਾਂ ਉਨ੍ਹਾਂ ਦੇ ਲੜਕੇ ਦੀ ਸਿਹਤ ਠੀਕ ਨਹੀਂ ਸੀ। ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ।

PunjabKesari

ਗੁਰਪ੍ਰੀਤ ਨੂੰ ਇਸ ਬਾਰੇ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਪ੍ਰਿੰਸੀਪਲ ਨੇ ਉਸ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਗੁਰਪ੍ਰੀਤ ਨੇ ਦੱਸਿਆ ਕਿ ਸਕੂਲ 'ਚ ਫਰੀ ਪੀਰੀਅਡ ਤੋਂ ਬਾਅਦ ਉਹ ਬਾਥਰੂਮ ਤੋਂ ਆ ਕੇ ਕਲਾਸ 'ਚ ਗਿਆ। ਉਹ ਬਸਤੇ 'ਚੋਂ ਆਪਣੀ ਕਿਤਾਬ ਕੱਢ ਰਿਹਾ ਸੀ ਕਿ ਇਸੇ ਦੌਰਾਨ ਪ੍ਰਿੰਸੀਪਲ ਨੇ ਕਲਾਸ 'ਚ ਆ ਕੇ ਬੇਵਜ੍ਹਾ ਕਿਸੇ ਗੱਲ 'ਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਕਰਕੇ ਗੁਰਪ੍ਰੀਤ ਦੀ ਬਾਂਹ ਵੀ ਫੈਕਚਰ ਹੋ ਗਈ। ਗੁਰਪ੍ਰੀਤ ਦੇ ਪਿਤਾ ਕੁਲਵੰਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਜਦ ਉਸ ਦੇ ਪ੍ਰਿੰਸੀਪਲ ਨੂੰ ਫੋਨ 'ਤੇ ਪੁੱਛਿਆ ਤਾਂ ਉਸ ਨੇ ਬੜੀ ਬਤਮੀਜ਼ੀ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਜੋ ਕਰਨਾ ਸੀ ਉਹ ਕਰ ਦਿੱਤਾ ਅਤੇ ਤੁਸੀਂ ਜੋ ਕਰਨਾ ਹੈ ਉਹ ਕਰ ਲਵੋ ਅਤੇ ਫੋਨ ਕੱਟ ਦਿੱਤਾ। ਉਨ੍ਹਾਂ ਦਸਿਆ ਕਿ ਗੁਰਪ੍ਰੀਤ ਨੂੰ ਮੰਗਲਵਾਰ ਰਾਤ ਨੂੰ ਉਲਟੀਆਂ ਆਉਣੀਆ ਸ਼ੁਰੂ ਹੋ ਗਈਆਂ ਜਿਸ ਕਰਕੇ ਉਸ ਨੂੰ ਮਾਹਿਲਪੁਰ ਹਸਪਤਾਲ ਦਾਖਲ ਕਰਵਾਇਆ ਗਿਆ।

PunjabKesari
ਦੂਜੇ ਪਾਸੇ ਪ੍ਰਿੰਸੀਪਲ ਸਤਨਾਮ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਬਹੁਤ ਹੀ ਸ਼ਰਾਰਤੀ ਲੜਕਾ ਹੈ। ਇਸ ਬਾਰੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਕਈ ਵਾਰ ਸ਼ਿਕਾਇਤ ਦਿੱਤੀ ਸੀ। ਪੁਲਸ ਨੇ ਮਾਮਲੇ 'ਤੇ ਜਾਣਕਾਰੀ ਦਿੰਦੇ ਕਿਹਾ ਕਿ ਉਹ ਗੁਰਪ੍ਰੀਤ ਦੇ ਬਿਆਨ ਲੈਣ ਲਈ ਗਏ ਹਨ ਅਤੇ ਪਰਿਵਾਰ ਵਾਲੇ ਗੁਰਪ੍ਰੀਤ ਨੂੰ ਐਕਸਰੇ ਕਰਵਾਉਣ ਗੜ੍ਹਸ਼ੰਕਰ ਲੈ ਕੇ ਗਏ ਸਨ। ਉਨ੍ਹਾਂ ਕਿਹਾ ਕਿ ਬਿਆਨ ਦਰਜ ਕਰਵਾਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।


author

shivani attri

Content Editor

Related News