ਸ਼ਰਾਬ ਠੇਕੇਦਾਰ ਤੋਂ ਪ੍ਰੇਸ਼ਾਨ ਉਕੰਦਵਾਲਾ ਵਾਸੀਅਾਂ ਸਡ਼ਕ ਕੀਤੀ ਜਾਮ

Saturday, Aug 25, 2018 - 01:16 AM (IST)

ਸ਼ਰਾਬ ਠੇਕੇਦਾਰ ਤੋਂ ਪ੍ਰੇਸ਼ਾਨ ਉਕੰਦਵਾਲਾ ਵਾਸੀਅਾਂ ਸਡ਼ਕ ਕੀਤੀ ਜਾਮ

ਜੈਤੋ, (ਵੀਰਪਾਲ/ ਗੁਰਮੀਤ)-ਅੱਜ ਉਕੰਦਵਾਲਾ ਦੇ ਸਮੂਹ ਪਿੰਡ ਵਾਸੀਆਂ ਨੇ ਸੇਢਾ ਸਿੰਘ ਵਾਲਾ ਵਿਖੇ ਧਰਨਾ ਲਾ ਕੇ ਜੈਤੋ-ਬਾਜਾਖਾਨਾ ਸਡ਼ਕ  ਜਾਮ ਕਰ ਦਿੱਤੀ , ਜਿਸ ਕਾਰਨ  ਅਾਵਾਜਾਈ ਵਿਚ ਵਿਘਨ  ਪੈ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਬਕਾਰੀ ਵਿਭਾਗ ਨੇ ਪਿੰਡ ਉਕੰਦਵਾਲਾ ’ਚ ਛਾਪੇਮਾਰੀ ਕੀਤੀ ਸੀ।  ੲਿਸ  ਦੌਰਾਨ ਉਨ੍ਹਾਂ ਨੂੰ ਸ਼ਰਾਬ ਬਰਾਮਦ ਨਹੀਂ ਹੋਈ, ਜਿਸ ਕਾਰਨ ਸ਼ਰਾਬ ਠੇਕੇਦਾਰ ਜੈਤੋ ਅਤੇ ਜ਼ਿਲਾ ਫਰੀਦਕੋਟ ਦੇ ਐਕਸਾਈਜ਼ ਵਿਭਾਗ ਦੀ ਟੀਮ ਨੂੰ ਉਸ ਵੇਲੇ ਪਿੰਡ ਨਿਵਾਸੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।  ਰੋਹ ਵਿਚ ਆਏ ਪਿੰਡ  ਵਾਸੀਆਂ ਨੇ ਠੇਕੇਦਾਰਾਂ ਦੇ ਕਰਿੰਦਿਆਂ ਨਾਲ ਲਡ਼ਾਈ-ਝਗਡ਼ਾ  ਵੀ ਕੀਤਾ।ਪੁਲਸ  ਨੇ ਆਬਕਾਰੀ ਵਿਭਾਗ ਦੇ ਮੁਲਾਜ਼ਮਾਂ ਦੇ ਬਿਆਨਾਂ ’ਤੇ ਪਿੰਡ ਦੇ 17 ਵਿਅਕਤੀਆਂ ਵਿਰੁੱਧ  ਪਰਚਾ ਦਰਜ ਕਰ ਲਿਆ ਸੀ।  ਅੱਜ ਜੈਤੋ ਪੁਲਸ ਨੇ  ਇਕਬਾਲ ਸਿੰਘ ਪੁੱਤਰ ਕੁਲਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੇ ਰੋਸ ਵਜੋਂ ਹੀ ਲੋਕਾਂ ਨੇ ਧਰਨਾ ਦਿੱਤਾ। ਧਰਨੇ ਦੌਰਾਨ ਏ. ਐੱਸ. ਆਈ. ਰਣਜੀਤ ਸਿੰਘ ਬਰਾਡ਼ ਅਤੇ ਸੀ. ਆਈ. ਏ. ਜੈਤੋ ਇੰਚਾਰਜ ਜਗਦੀਸ਼ ਸਿੰਘ ਬਰਾਡ਼ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਧਰਨਾਕਾਰੀਆਂ ਨੂੰ  ਵਿਸ਼ਵਾਸ ਦਿਵਾਇਆ ਕਿ ਇਸ ਘਟਨਾ ਦੀ ਪੂਰੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ਅਤੇ ਤੁਹਾਡੇ ਨਾਲ ਹਰ ਤਰ੍ਹਾਂ  ਇਨਸਾਫ਼ ਕੀਤਾ ਜਾਵੇਗਾ। ਪ੍ਰਸ਼ਾਸਨ ਦੇ ਭਰੋਸੇ ’ਤੇ ਪਿੰਡ ਵਾਸੀਆਂ ਨੇ  ਧਰਨਾ ਚੁੱਕ ਲਿਆ।


Related News