ਤੱਥਹੀਣ ਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ : SSP

03/09/2021 11:09:07 PM

ਮਾਨਸਾ, (ਸੰਦੀਪ ਮਿੱਤਲ)- ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਅੱਜ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਤਾੜਨਾ ਜਾਰੀ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਜਾਂ ਅਜਿਹੇ ਹੀ ਹੋਰ ਪ੍ਰਚਾਰ ਸਾਧਨਾਂ ਦੀ ਦੁਰਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਅਮਨ ਵਿਵਸਥਾ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ਼੍ਰੀ ਲਾਂਬਾ, ਜੋ ਕਿ ਆਪਣੇ ਦਫ਼ਤਰ ਵਿਖੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ, ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਮਾਨਸਾ ਵਿੱਚ ਅਮਨ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਜੇ ਫਿਰ ਵੀ ਕੋਈ ਅਨਸਰ ਅਫ਼ਵਾਹਾਂ ਫੈਲਾਉਂਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਐਸ.ਐਸ.ਪੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਨਸਾ ਪੁਲਸ ਵੱਲੋਂ ਜ਼ਿਲ੍ਹੇ ਅੰਦਰ 24 ਘੰਟੇ ਨਾਕਾਬੰਦੀਆਂ ਤੇ ਗਸ਼ਤ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਪੁਲਸ ਵੱਲੋਂ ਹਰੇਕ ਥਾਈਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਜੇ ਕਿਸੇ ਵੀ ਨਾਗਰਿਕ ਦੇ ਧਿਆਨ ਵਿੱਚ ਸੋਸ਼ਲ ਮੀਡੀਆ ਜਾਂ ਅਜਿਹੇ ਹੀ ਕਿਸੇ ਹੋਰ ਪ੍ਰਚਾਰ ਸਾਧਨ ’ਤੇ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੀ ਜਾਂ ਲੋਕਾਂ ਵਿੱਚ ਬੇਚੈਨੀ ਪੈਦਾ ਕਰਨ ਵਾਲੀ ਗੁੰਮਰਾਹਕੁੰਨ ਪੋਸਟ ਨਜ਼ਰ ਆਉਂਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਹੈਲਪਲਾਈਨ ਨੰਬਰ 112 ’ਤੇ ਦਿੱਤੀ ਜਾਵੇ।

ਐਸ.ਐਸ.ਪੀ ਨੇ ਦੱਸਿਆ ਕਿ ਪਿਛਲੇ ਦਿਨੀਂ ਮਾਨਸਾ ਸ਼ਹਿਰ ਵਿਖੇ ਵਾਪਰੀ ਇੱਕ ਘਟਨਾ ਸਬੰਧੀ ਕੁਝ ਇੱਕ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਪੋਸਟਾਂ ਦੀ ਪੜਤਾਲ ਕਰਵਾਈ ਗਈ ਜਿਸ ’ਤੇ ਸਾਹਮਣੇ ਆਇਆ ਕਿ ਇਹ ਖਬਰਾਂ ਸਹੀ ਨਹੀਂ ਹਨ। ਉਨ੍ਹਾਂ ਦੱਸਿਆ ਕਿ ਅਜਿਹੀਆਂ ਗੁੰਮਰਾਹਕੁੰਨ ਪੋਸਟਾਂ ਨਾਲ ਸ਼ਹਿਰ ਵਾਸੀਆਂ ਦੇ ਮਨਾਂ ਅੰਦਰ ਬੇਚੈਨੀ ਫੈਲਦੀ ਹੈ ਇਸ ਲਈ ਭਵਿੱਖ ਵਿੱਚ ਕੋਈ ਵੀ ਤੱਥਹੀਣ ਖਬਰ ਜਾਂ ਪੋਸਟ ਪਾਉਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।


Bharat Thapa

Content Editor

Related News