ਪੰਜਾਬ: ਇਸ ਜ਼ਿਲ੍ਹੇ 'ਚ ਲੱਗ ਗਈਆਂ ਸਖ਼ਤ ਪਾਬੰਦੀਆਂ, ਉਲੰਘਣਾ ਕਰਨ ਵਾਲਿਆਂ 'ਤੇ ਹੋਵੇਗਾ ਐਕਸ਼ਨ
Monday, Sep 07, 2026 - 09:47 PM (IST)
ਅੰਮ੍ਰਿਤਸਰ - ਅੰਮ੍ਰਿਤਸਰ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ, ਰਾਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸ਼ੋਰ ਪ੍ਰਦੂਸ਼ਣ ਨੂੰ ਕਾਬੂ ਹੇਠ ਰੱਖਣ ਲਈ ਪੁਲਸ ਪ੍ਰਸ਼ਾਸਨ ਨੇ ਤਿੰਨ ਅਹਿਮ ਹੁਕਮ ਲਾਗੂ ਕੀਤੇ ਹਨ। ਇਸ ਸਬੰਧੀ ਅਧਿਕਾਰਤ ਜਾਣਕਾਰੀ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਹਰਮਨਬੀਰ ਗਿੱਲ ਵੱਲੋਂ ਸਾਂਝੀ ਕੀਤੀ ਗਈ ਹੈ। ਪੁਲਸ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਨਵੇਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਬਿਨਾਂ ਕਿਸੇ ਢਿੱਲ ਦੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਲਾਗੂ ਕੀਤੇ ਗਏ ਪਹਿਲੇ ਹੁਕਮ ਦੇ ਤਹਿਤ ਹੁਣ ਸ਼ਹਿਰ ਵਿੱਚ ਰਾਤ ਨੂੰ 12 ਵਜੇ ਤੋਂ ਬਾਅਦ ਰੈਸਟੋਰੈਂਟ, ਢਾਬੇ ਅਤੇ ਹੋਰ ਸਾਰੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਖੁੱਲ੍ਹੀਆਂ ਰੱਖਣ ’ਤੇ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਦੂਜੇ ਹੁਕਮ ਅਨੁਸਾਰ ਸ਼ੋਰ ਪ੍ਰਦੂਸ਼ਣ ਨੂੰ ਕਾਬੂ ਰੱਖਣ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ, ਜਿਸ ਤਹਿਤ ਮੈਰਿਜ ਪੈਲੇਸਾਂ, ਬਾਜ਼ਾਰਾਂ ਅਤੇ ਵਾਹਨਾਂ ਦੇ ਅੰਦਰ ਲਾਊਡਸਪੀਕਰਾਂ ਜਾਂ ਗਾਣਿਆਂ ਦੀ ਆਵਾਜ਼ ਨੂੰ ਨਿਰਧਾਰਤ ਸੀਮਾ ਦੇ ਅੰਦਰ ਹੀ ਰੱਖਣਾ ਹੋਵੇਗਾ ਅਤੇ ਸ਼ੋਰ ਪ੍ਰਦੂਸ਼ਣ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਲਾਜ਼ਮੀ ਹੋਵੇਗੀ।
ਪੁਲਸ ਵੱਲੋਂ ਜਾਰੀ ਤੀਜੇ ਅਤੇ ਸਭ ਤੋਂ ਅਹਿਮ ਹੁਕਮ ਤਹਿਤ ਗੱਡੀਆਂ ਦੇ ਅੰਦਰ ਬੇਸਬਾਲ ਬੈਟ, ਸੋਟੀਆਂ ਜਾਂ ਕਿਸੇ ਵੀ ਤਰ੍ਹਾਂ ਦੀਆਂ ਹੋਰ ਨੁਕੀਲੀਆਂ ਅਤੇ ਖ਼ਤਰਨਾਕ ਵਸਤੂਆਂ ਰੱਖਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਪੁਲਸ ਪ੍ਰਸ਼ਾਸਨ ਅਨੁਸਾਰ ਇਨ੍ਹਾਂ ਸਖ਼ਤ ਹੁਕਮਾਂ ਨੂੰ ਲਾਗੂ ਕਰਨ ਦਾ ਮੁੱਖ ਮਕਸਦ ਸ਼ਹਿਰ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਉਣਾ, ਹਰ ਹਾਲ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣਾ ਅਤੇ ਖ਼ਾਸ ਕਰਕੇ ਰਾਤ ਵੇਲੇ ਹੋਣ ਵਾਲੇ ਅਪਰਾਧਾਂ ਨੂੰ ਰੋਕਣਾ ਹੈ।
