ਕੈਬਨਿਟ ਮੰਤਰੀ ਦਾ ਐਲਾਨ, ਹੁਸ਼ਿਆਰਪੁਰ ''ਚ ਨਹੀਂ ਦਿਸੇਗਾ ਕੋਈ ਵੀ ਅਵਾਰਾ ਪਸ਼ੂ

9/21/2019 5:43:34 PM

ਹੁਸ਼ਿਆਰਪੁਰ (ਘੁੰਮਣ) : ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜਲਦੀ ਹੀ ਅਵਾਰਾ ਪਸ਼ੂਆਂ ਦਾ ਯੋਗ ਹੱਲ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੁਸ਼ਿਆਰਪੁਰ ਵਿਚ ਕੋਈ ਵੀ ਅਵਾਰਾ ਪਸ਼ੂ ਦਿਖਾਈ ਨਹੀਂ ਦੇਵੇਗਾ। ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਪ੍ਰਸ਼ਾਸਨ ਅਤੇ 'ਸੇਵਾ ਪਰਮੋ ਧਰਮਾ' ਸੋਸਾਇਟੀ ਨਾਲ ਆਯੋਜਿਤ ਮੀਟਿੰਗ ਦੌਰਾਨ ਐੱਸ. ਐੱਸ. ਪੀ. ਗੌਰਵ ਗਰਗ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤ ਸਿੰਘ, ਐੱਸ. ਡੀ. ਐੱਮ. ਅਮਿਤ ਸਰੀਨ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ ਵੀ ਮੌਜੂਦ ਸਨ।

ਅਰੋੜਾ ਨੇ 'ਸੇਵਾ ਪਰਮੋ ਧਰਮਾ' ਸੋਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਕੈਟਲ ਪਾਊਂਡ ਫਲਾਹੀ ਨੂੰ ਅਡਾਪਟ ਕਰਨ ਦਾ ਨੌਜਵਾਨਾਂ ਵਲੋਂ ਚੁੱਕਿਆ ਗਿਆ ਕਦਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਰਗੀ ਅਲਾਮਤ ਤੋਂ ਦੂਰ ਰਹਿ ਕੇ ਆਵਾਰਾ ਪਸ਼ੂ ਧਨ ਦੀ ਸੇਵਾ ਕਰਨ ਦਾ ਜਜ਼ਬਾ ਆਪਣੇ-ਆਪ ਵਿਚ ਇਕ ਮਿਸਾਲੀ ਉਪਰਾਲਾ ਹੈ। ਕੈਬਨਿਟ ਮੰਤਰੀ ਨੇ 25 ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਕੈਟਲ ਪਾਊਂਡ, ਫਲਾਹੀ ਵਿਚ ਪਸ਼ੂਆਂ ਦੇ ਪੁਖਤਾ ਇਲਾਜ, ਚਾਰੇ ਆਦਿ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਟਲ ਪਾਊਂਡ ਫਲਾਹੀ ਦੀ ਇਮਾਰਤ ਮੁਕੰਮਲ ਹੋਣ 'ਤੇ 2 ਹਜ਼ਾਰ ਪਸ਼ੂ ਧਨ ਰੱਖਣ ਦੀ ਸਮਰੱਥਾ ਹੋਵੇਗੀ ਅਤੇ ਮੌਜੂਦਾ ਤੌਰ 'ਤੇ ਇਥੇ 336 ਪਸ਼ੂਆਂ ਨੂੰ ਸਾਂਭਿਆ ਜਾ ਰਿਹਾ ਹੈ। ਉਨ੍ਹਾਂ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਮੌਜੂਦਾ ਤੌਰ 'ਤੇ ਹੁਸ਼ਿਆਰਪੁਰ ਵਿਚ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਜਲਦੀ ਨਜਿੱਠ ਲਿਆ ਜਾਵੇਗਾ ਪਰ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਵਿਸ਼ੇਸ਼ ਚੌਕਸੀ ਵਰਤੀ ਜਾਵੇ ਤਾਂ ਜੋ ਹਿਮਾਚਲ ਵਾਲੇ ਪਾਸਿਓਂ ਅਵਾਰਾ ਪਸ਼ੂਆਂ ਨੂੰ ਛੱਡੇ ਜਾਣ ਦੀ ਘਟਨਾ ਸਾਹਮਣੇ ਨਾ ਆ ਸਕੇ।

ਅਰੋੜਾ ਨੇ ਇਸ ਦੌਰਾਨ ਸ਼ਹਿਰ ਵਿਚ ਲੱਗਣ ਵਾਲੇ ਸੀ.ਸੀ.ਟੀ.ਵੀ ਕੈਮਰਿਆਂ ਸਬੰਧੀ 35 ਲੱਖ 52 ਹਜ਼ਾਰ ਰੁਪਏ ਦਾ ਚੈਕ ਐਕਸੀਅਨ (ਇਲੈਕਟ੍ਰੀਕਲ) ਬੀ. ਐਂਡ. ਆਰ ਨੂੰ ਸੌਂਪਦਿਆਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਦੇ 26 ਪ੍ਰਮੁੱਖ ਸਥਾਨਾਂ 'ਤੇ ਨੈਟਵਰਕਿੰਗ ਸਮੇਤ 75 ਅਤਿ-ਆਧੁਨਿਕ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ, ਤਾਂ ਜੋ ਕਾਨੂੰਨ ਵਿਵਸਥਾ ਦੀ ਆਧੁਨਿਕ ਤਰੀਕੇ ਨਾਲ ਨਜ਼ਰਸਾਨੀ ਕੀਤੀ ਜਾ ਸਕੇ। 


Gurminder Singh

Edited By Gurminder Singh