ਪਰਾਲੀ ਪ੍ਰਦੂਸ਼ਣ ਲਈ ਭਗਵੰਤ ਮਾਨ ਨੇ ਸਰਕਾਰਾਂ ਨੂੰ ਠਹਿਰਾਇਆ ਜ਼ਿੰਮੇਵਾਰ

Friday, Nov 22, 2019 - 07:57 PM (IST)

ਪਰਾਲੀ ਪ੍ਰਦੂਸ਼ਣ ਲਈ ਭਗਵੰਤ ਮਾਨ ਨੇ ਸਰਕਾਰਾਂ ਨੂੰ ਠਹਿਰਾਇਆ ਜ਼ਿੰਮੇਵਾਰ

ਚੰਡੀਗੜ੍ਹ,(ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਲੀਤ ਹੋ ਰਹੀ ਹਵਾ ਤੇ ਪਾਣੀ ਸਮੇਤ ਪਰਾਲੀ ਦੇ ਧੂੰਏਂ ਦੇ ਮੁੱਦੇ ਸੰਸਦ 'ਚ ਉਠਾਉਂਦੇ ਹੋਏ ਪੰਜਾਬ ਲਈ ਝੋਨੇ ਦੀ ਥਾਂ ਬਰਾਬਰ ਆਮਦਨੀ ਤੇ ਯਕੀਨੀ ਮੰਡੀਕਰਨ ਵਾਲੀਆਂ ਫ਼ਸਲਾਂ ਦਾ ਬਦਲ ਮੰਗਿਆ। ਪਰਾਲੀ ਦੇ ਧੂੰਏਂ ਕਾਰਨ ਪੈਦਾ ਹੁੰਦੇ ਹਵਾ ਪ੍ਰਦੂਸ਼ਣ ਨੂੰ ਬੇਹੱਦ ਗੰਭੀਰ ਮੁੱਦਾ ਦੱਸਦੇ ਹੋਏ ਭਗਵੰਤ ਮਾਨ ਨੇ ਇਸ ਸਮੱਸਿਆ ਲਈ ਕਿਸਾਨਾਂ ਦੀ ਥਾਂ ਸਰਕਾਰਾਂ (ਸੂਬਾ ਤੇ ਕੇਂਦਰ) ਨੂੰ ਜ਼ਿੰਮੇਵਾਰ ਠਹਿਰਾਇਆ। ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਮੁਖ਼ਾਤਬ ਸਵਾਲ ਕੀਤਾ ਕਿ ਸਾਡੇ ਕੋਲੋਂ ਪਰਾਲੀ ਵਾਲੀਆਂ ਫ਼ਸਲਾਂ ਦੀ ਬਿਜਾਈ ਹੀ ਕਿਉਂ ਕਰਵਾਉਂਦੇ ਹੋ? ਅਸੀਂ ਝੋਨੇ ਦੀ ਥਾਂ ਮੱਕੀ, ਸੂਰਜਮੁਖੀ, ਬਾਜਰਾ ਤੇ ਦਾਲਾਂ ਪੈਦਾ ਕਰ ਸਕਦੇ ਹਾਂ ਕਿਉਂਕਿ ਪੰਜਾਬ ਦੀ ਜ਼ਮੀਨ ਬੇਹੱਦ ਜ਼ਰਖੇਜ਼ (ਉਪਜਾਊ) ਹੈ ਪਰ ਇਨ੍ਹਾਂ ਨੂੰ ਕਿਸਾਨ ਵੇਚੇਗਾ ਕਿੱਥੇ? ਕਿਉਂਕਿ ਕਿ ਇਨ੍ਹਾਂ ਫ਼ਸਲਾਂ ਦੀ ਝੋਨੇ ਜਿੰਨੀ ਆਮਦਨ ਤੇ ਯਕੀਨੀ ਮੰਡੀਕਰਨ ਦੀ ਵਿਵਸਥਾ ਹੀ ਨਹੀਂ ਹੈ।

ਭਗਵੰਤ ਮਾਨ ਨੇ ਮੰਗ ਕੀਤੀ ਕਿ ਇਨ੍ਹਾਂ ਬਦਲਵੀਂਆਂ ਫ਼ਸਲਾਂ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੇ ਬਰਾਬਰ ਆਮਦਨੀ ਤੇ ਮੰਡੀਕਰਨ ਯਕੀਨੀ ਬਣਾ ਦਿੱਤਾ ਜਾਵੇ। ਪੰਜਾਬ ਦਾ ਕਿਸਾਨ ਝੋਨੇ ਦੀ ਫ਼ਸਲ ਹੀ ਨਹੀਂ ਬੀਜੇਗਾ। ਉਨ੍ਹਾਂ ਕਿਹਾ ਕਿ ਕਿਸਾਨ ਖ਼ੁਦ ਵੀ ਪਰਾਲੀ ਨਹੀਂ ਜਲਾਉਣਾ ਚਾਹੁੰਦਾ ਕਿਉਂਕਿ ਪਰਾਲੀ ਦੇ ਧੂੰਏਂ ਦੀ ਚਪੇਟ 'ਚ ਸਭ ਤੋਂ ਪਹਿਲਾਂ ਉਸ ਦੇ ਆਪਣੇ ਬੱਚੇ ਆਉਂਦੇ ਹਨ। ਉਨ੍ਹਾਂ ਤੰਜ ਕੱਸਿਆ ਕਿ ਚੌਲ ਦੇ ਰਿਕਾਰਡ ਉਤਪਾਦਨ ਨੂੰ ਤਾਂ ਮਾਣ ਨਾਲ ਦੱਸਿਆ ਜਾਂਦਾ ਹੈ ਤਾਂ ਪਰਾਲੀ ਦਾ ਵੀ ਰਿਕਾਰਡ ਉਤਪਾਦਨ
ਸੁਭਾਵਿਕ ਹੈ।

ਮਾਨ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕੋਈ ਗੈਰ-ਕਾਨੂੰਨੀ ਫ਼ਸਲ ਨਹੀਂ ਬੀਜ ਰਿਹਾ। ਬਲਕਿ ਉਹ ਤਾਂ ਆਪਣੀ ਜ਼ਮੀਨ ਤੇ ਧਰਤੀ ਹੇਠਲਾ ਪਾਣੀ ਬਰਬਾਦ ਕਰ ਰਿਹਾ ਹੈ। ਉੱਪਰੋਂ ਹੁਣ ਪਰਾਲੀ ਕਾਰਨ ਪਰਚੇ (ਕੇਸ) ਵੀ ਆਪਣੇ ਸਿਰ ਕਰਵਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਨੂੰ 'ਅਪਰਾਧੀ ਅੰਨਦਾਤਾ' ਨਾ ਸਮਝਿਆ ਜਾਵੇ। ਪਰਾਲੀ ਦੇ ਮੁੱਦੇ 'ਤੇ ਸੁਖਬੀਰ ਸਿੰਘ ਬਾਦਲ ਨੂੰ ਘੇਰਦਿਆਂ ਮਾਨ ਨੇ ਪੁੱਛਿਆ ਕਿ ਉਪ-ਮੁੱਖ ਮੰਤਰੀ ਹੁੰਦਿਆਂ ਸੁਖਬੀਰ ਸਿੰਘ ਬਾਦਲ ਚੀਨ 'ਚ ਪਰਾਲੀ ਤੋਂ ਬਿਜਲੀ ਬਣਾਉਣ ਦਾ ਪ੍ਰੋਜੈਕਟ ਦੇਖਣ ਗਏ ਸੀ ਪਰ ਇਹ ਵਫ਼ਦ ਖ਼ਜ਼ਾਨੇ 'ਤੇ ਬੋਝ ਤਾਂ ਬਣਿਆ ਪਰ ਕੀਤਾ ਕੁੱਝ ਨਹੀਂ।

ਮਾਨ ਨੇ ਕਿਹਾ ਕਿ ਪੰਜਾਬ ਦੇ ਭੂ-ਜਲ ਦਾ ਪੱਧਰ 600 ਫੁੱਟ ਤੱਕ ਡੂੰਘਾ ਚਲਾ ਗਿਆ ਹੈ। ਝੋਨੇ ਦੇ ਇੱਕ ਸੀਜ਼ਨ 'ਚ 9 ਗੋਬਿੰਦ ਸਾਗਰ ਝੀਲਾਂ ਜਿੰਨਾ ਪਾਣੀ ਧਰਤੀ ਹੇਠੋਂ ਕੱਢ ਲਿਆ ਜਾਂਦਾ ਹੈ। ਪੰਜਾਬ 'ਤੇ ਮਾਰੂਥਲ ਬਣਨ ਦੇ ਖ਼ਤਰੇ ਬਣ ਗਏ ਹਨ। ਇਸ ਲਈ ਪੰਜਾਬ ਦੇ ਕਿਸਾਨ ਨੂੰ ਝੋਨੇ ਦੀ ਥਾਂ ਹੋਰ ਫ਼ਸਲਾਂ ਦਾ ਪਾਏਦਾਰ ਬਦਲ ਦਿੱਤਾ ਜਾਵੇ। ਭਗਵੰਤ ਮਾਨ ਨੇ ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਤੇ ਲਗਾਤਾਰ ਵੱਢੇ ਜਾ ਰਹੇ ਦਰਖਤਾਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਅਮਰੀਕਾ-ਕੈਨੇਡਾ 'ਚ ਇੱਕ ਦਰਖ਼ਤ ਵੱਢਣ ਤੋਂ ਪਹਿਲਾਂ ਉਸੇ ਤਰਾਂ ਦੇ 50 ਦਰਖ਼ਤ ਲਗਾਏ ਜਾਂਦੇ ਹਨ ਪਰ ਇੱਥੇ ਸੈਂਕੜੇ ਦਰਖ਼ਤ ਸੜਕਾਂ ਚੌੜੀਆਂ ਕਰਨ ਦੇ ਨਾਂ 'ਤੇ ਹੀ ਵੱਢ ਸੁੱਟੇ ਜਾਂਦੇ ਹਨ।


Related News