ਧੂੜ ਭਰੇ ਤੂਫ਼ਾਨ ਤੇ ਮੀਂਹ ਨਾਲ ਲੁਧਿਆਣਾ ''ਚ ਭਾਰੀ ਉਥਲ-ਪੁਥਲ, ਰੁੱਖ ਉਖੜ ਕੇ ਸੜਕਾਂ ਡਿੱਗੇ
Sunday, May 29, 2022 - 11:35 AM (IST)
ਲੁਧਿਆਣਾ (ਸਲੂਜਾ) : ਪੰਜਾਬ ਦੀ ਉਦਯੋਗਿਕ ਰਾਜਧਾਨੀ 'ਚ ਆਏ ਧੂੜ ਭਰੇ ਤੂਫ਼ਾਨ ਅਤੇ ਹੋਏ 14 ਮਿਲੀਮੀਟਰ ਮੀਂਹ ਨਾਲ ਉਥਲ-ਪੁਥਲ ਮਚ ਗਈ। ਤੂਫ਼ਾਨ ਦੀ ਸਪੀਡ ਇੰਨੀ ਤੇਜ਼ ਸੀ ਕਿ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਧੂੜ ਹੀ ਧੂੜ ਉੱਡਦੀ ਵਿਖਾਈ ਦਿੱਤੀ। ਬੀਤੀ ਸ਼ਾਮ ਇਕਦਮ ਰਾਤ ਵਿਚ ਤਬਦੀਲ ਹੋ ਗਈ। ਵਿਜ਼ੀਬਿਲਟੀ ਨਾ ਬਰਾਬਰ ਹੀ ਰਹਿ ਗਈ ਸੀ। ਦੋਪਹੀਆ ਵਾਹਨਾਂ ਦਾ ਸੜਕ ’ਤੇ ਚੱਲ ਸਕਣਾ ਮੁਸ਼ਕਲ ਹੋ ਗਿਆ। ਹਰ ਕੋਈ ਅੱਖਾਂ ਮਲਦਾ ਹੋਇਆ ਨਜ਼ਰ ਆਇਆ।
ਜੋ ਵੀ ਰਾਹਗੀਰ ਜਿੱਥੇ ਸੀ, ਉੱਥੇ ਹੀ ਰੁਕ ਗਏ। ਚਾਲਕ ਹੈੱਡ ਲਾਈਟ ਦੇ ਸਹਾਰੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਕਈ ਥਾਵਾਂ ’ਤੇ ਚਾਲਕ ਕੁੱਝ ਵੀ ਵਿਖਾਈ ਨਾ ਦੇਣ ਦੀ ਵਜ੍ਹਾ ਨਾਲ ਇਕ-ਦੂਜੇ ਨਾਲ ਟਕਰਾ ਵੀ ਗਏ। ਰੁੱਖ ਉੱਖੜ ਕੇ ਸੜਕਾਂ ’ਤੇ ਆ ਡਿੱਗੇ। ਕਈ ਰੁੱਖ ਅਤੇ ਸਾਈਨ ਬੋਰਡ ਬਿਜਲੀ ਲਾਈਨਾਂ ’ਤੇ ਡਿੱਗ ਗਏ, ਜਿਸ ਨਾਲ ਸ਼ਹਿਰ ਦੇ ਕਈ ਹਿੱਸਿਆਂ 'ਚ ਲਗਾਤਾਰ ਕਈ ਘੰਟਿਆਂ ਤੱਕ ਬਿਜਲੀ ਗੁੱਲ ਰਹਿਣ ਨਾਲ ਲੋਕਾਂ ਨੂੰ ਬਲੈਕ ਆਊਟ ਦਾ ਵੀ ਸਾਹਮਣਾ ਕਰਨਾ ਪਿਆ। ਕਈ ਰੁੱਖ ਟੁੱਟ ਕੇ ਸੜਕ ਦੇ ਵਿਚਕਾਰ ਡਿੱਗ ਗਏ, ਜਿਸ ਨਾਲ ਆਉਣ-ਜਾਣ ਦਾ ਰਸਤਾ ਹੀ ਬਲਾਕ ਹੋ ਗਿਆ।
ਦਰਜਨਾਂ ਬਿਜਲੀ ਅਤੇ ਸਟਰੀਟ ਲਾਈਟ ਦੇ ਪੋਲ ਡਿੱਗਣ ਨਾਲ ਪਾਵਰਕਾਮ ਨੂੰ ਭਾਰੀ ਨੁਕਸਾਨ ਹੋਇਆ। ਬਿਜਲੀ ਗੁੱਲ ਨਾਲ ਜੁੜੀਆਂ ਹਜ਼ਾਰਾਂ ਹੀ ਸ਼ਿਕਾਇਤਾਂ ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ ’ਤੇ ਆਈਆਂ। ਇੱਥੇ ਦੱਸ ਦੇਈਏ ਕਿ ਜਦੋਂ ਵੀ ਲੁਧਿਆਣਾ ’ਚ ਹਨ੍ਹੇਰੀ ਜਾਂ ਫਿਰ ਤੇਜ਼ ਮੀਂਹ ਆਉਂਦਾ ਹੈ ਤਾਂ ਉਸ ਸਮੇਂ ਪਾਵਰਕਾਮ ਦਾ ਸ਼ਿਕਾਇਤ ਨੰਬਰ 1912 ਮਿਲਣਾ ਹੀ ਬੰਦ ਹੋ ਜਾਂਦਾ ਹੈ, ਜਿਸ ਨੂੰ ਲੈ ਕੇ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ। ਜੋ ਬਰਕਰਾਰ ਰਹੀ।