ਡੇਰਾ ਪ੍ਰੇਮੀਆਂ ਨੇ ਗ੍ਰੰਥੀ ਸਿੰਘ ਨੂੰ ਕੀਰਤਨ ਕਰਨ ਤੋਂ ਰੋਕਿਆ
Friday, Mar 02, 2018 - 03:05 AM (IST)

ਲੰਬੀ/ਮਲੋਟ(ਜੁਨੇਜਾ) - ਲੰਬੀ ਹਲਕੇ ਦੇ ਪਿੰਡ ਬੀਦੋਵਾਲੀ ਵਿਚ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ, ਜਦੋਂ ਕੁਝ ਡੇਰਾ ਪ੍ਰੇਮੀਆਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਗ੍ਰੰਥੀ ਸਿੰਘ ਨੂੰ ਕੀਰਤਨ ਕਰਨ ਤੋਂ ਰੋਕਿਆ ਅਤੇ ਭਵਿੱਖ 'ਚ ਅਜਿਹਾ ਕਰਨ 'ਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਪੁਲਸ ਨੇ 3 ਡੇਰਾ ਪ੍ਰੇਮੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪਰਮੀਤ ਸਿੰਘ ਅਤੇ ਗੁਰਸਾਹਿਬ ਸਿੰਘ ਸਮੇਤ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਇਕੱਤਰ ਪਿੰਡ ਵਾਸੀਆਂ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਸਵੇਰ ਵੇਲੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗੰ੍ਰਥੀ ਸਿੰਘ ਵੱਲੋਂ ਗੁਰਬਾਣੀ ਦਾ ਕੀਰਤਨ ਅਤੇ ਕਥਾ ਕੀਤੀ ਜਾ ਰਹੀ ਸੀ ਤਾਂ ਕੁਝ ਸਿਰਸਾ ਡੇਰੇ ਨਾਲ ਸਬੰਧਤ ਪ੍ਰੇਮੀਆਂ ਨੇ ਇੱਥੇ ਆ ਕੇ ਉਕਤ ਗੰ੍ਰਥੀ ਸਿੰਘ ਨੂੰ ਕਥਾ/ਕੀਰਤਨ ਕਰਨ ਤੋਂ ਰੋਕਿਆ ਅਤੇ ਧਮਕੀਆਂ ਦਿੱਤੀਆਂ। ਇਸ ਸਬੰਧੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਲੰਬੀ ਜਸਵੀਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਸਾਰੀ ਸਥਿਤੀ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਅਤੇ ਬਿਆਨਾਂ ਦੇ ਆਧਾਰ 'ਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।