STF ਦਾ ਸਹਾਇਕ ਥਾਣੇਦਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Saturday, Dec 28, 2019 - 07:24 PM (IST)

ਮਾਨਸਾ, (ਜੱਸਲ)— ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਸ਼ਨੀਵਾਰ ਨੂੰ ਮਾਨਸਾ ਦੇ ਐੱਸ. ਟੀ. ਐੱਫ. ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਨੇ ਮਨਜੀਤ ਕੌਰ ਵਾਸੀ ਜੋਗਾ ਦੇ ਲੜਕੇ ਸਰਬਜੀਤ ਸਿੰਘ 'ਤੇ ਐੱਸ. ਟੀ. ਐੱਫ. ਟੀਮ ਮਾਨਸਾ ਨੇ 24 ਦਸੰਬਰ ਨੂੰ ਐੱਨ. ਡੀ. ਪੀ. ਐੱਸ. ਐਕਟ ਤਹਿਤ ਨਸ਼ੇ ਵਾਲੀਆਂ ਗੋਲੀਆਂ ਦੇ ਸਬੰਧ 'ਚ ਮਾਮਲਾ ਦਰਜ ਕੀਤਾ ਸੀ। ਦਰਸ਼ਨ ਸਿੰਘ ਵੱਲੋਂ ਇਸ ਮਾਮਲੇ 'ਚ ਮਨਜੀਤ ਕੌਰ ਦੀ ਨੂੰਹ ਸੁਖਪਾਲ ਕੌਰ ਨੂੰ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ ਏ. ਐੱਸ. ਆਈ. ਸੁਰਿੰਦਰ ਸਿੰਘ ਅਤੇ ਏ. ਐੱਸ. ਆਈ. ਦਰਸ਼ਨ ਸਿੰਘ ਐੱਸ. ਟੀ. ਐੱਫ. ਮਾਨਸਾ ਨੇ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਕਤ ਦੋਵਾਂ ਵਿਅਕਤੀਆਂ ਵਲੋਂ 20 ਹਜ਼ਾਰ ਰੁਪਏ ਸ਼ਨੀਵਾਰ 28 ਦਸੰਬਰ ਨੂੰ ਅਤੇ 10 ਹਜ਼ਾਰ ਰੁਪਏ ਬਾਅਦ 'ਚ ਲੈਣ ਦਾ ਵਾਅਦਾ ਕੀਤਾ ਸੀ। ਸ਼ਨੀਵਾਰ ਸੁਰਿੰਦਰ ਸਿੰਘ ਅਤੇ ਦਰਸ਼ਨ ਸਿੰਘ ਨੂੰ ਵਿਜੀਲੈਂਸ ਯੂਨਿਟ ਮਾਨਸਾ ਵਲੋਂ ਸਰਕਾਰੀ ਗਵਾਹਾਂ ਡਾ. ਰਵੀ ਭੂਸ਼ਣ ਵੈਟਨਰੀ ਅਫਸਰ ਸਿਵਲ ਵੈਟਨਰੀ ਹਸਪਤਾਲ ਦਲੇਲ ਸਿੰਘ ਵਾਲਾ, ਜਗਦੇਵ ਸਿੰਘ ਵੈਟਨਰੀ ਅਫਸਰ ਸਿਵਲ ਹਸਪਤਾਲ ਢੈਪਈ ਦੀ ਹਾਜ਼ਰੀ 'ਚ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜਦੋਂ ਕਿ ਸੁਰਿੰਦਰ ਸਿੰਘ ਮੌਕੇ 'ਤੋਂ ਫਰਾਰ ਹੋ ਗਿਆ। ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।