ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਕੁਆਲਿਟੀ ਨੂੰ ਲੈ ਕੇ ਸੋਸ਼ਲ ਮੀਡੀਆ ’ਚ ਛਿੜੀ ਚਰਚਾ
Monday, Apr 19, 2021 - 12:29 AM (IST)
ਜਲੰਧਰ (ਖੁਰਾਣਾ)–ਸਥਾਨਕ ਭਗਤ ਸਿੰਘ ਚੌਕ ’ਚ ਲਾਏ ਗਏ ਸ਼ਹੀਦ-ਏ-ਆਜ਼ਮ ਦੇ ਬੁੱਤ ਦੀ ਕੁਆਲਿਟੀ ਨੂੰ ਲੈ ਕੇ ਸੋਸ਼ਲ ਮੀਡੀਆ ’ਚ ਜ਼ਬਰਦਸਤ ਚਰਚਾ ਛਿੜੀ ਹੋਈ ਹੈ, ਜਿਸ ’ਚ ਦੋਸ਼ ਲਾਏ ਜਾ ਰਹੇ ਹਨ ਕਿ ਨਗਰ ਨਿਗਮ ਪ੍ਰਸ਼ਾਸਨ ਨੇ ਇਸ ਸਬੰਧੀ ਬਹੁਤ ਲਾਪ੍ਰਵਾਹੀ ਤੋਂ ਕੰਮ ਲਿਆ ਹੈ। ਪਹਿਲਾਂ ਦੋਸ਼ ਲੱਗ ਰਹੇ ਸਨ ਕਿ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਸ਼ਕਲ ਸ਼ਹੀਦ-ਏ-ਆਜ਼ਮ ਦੇ ਉਪਲੱਬਧ ਚਿੱਤਰਾਂ ਨਾਲ ਨਹੀਂ ਮਿਲਦੀ ਅਤੇ ਬੁੱਤ ਦਾ ਸਾਈਜ਼ ਵੀ ਛੋਟਾ ਰੱਖਿਆ ਗਿਆ ਹੈ। ਬੁੱਤ ਜੋਸ਼ੀਲੇ ਨੌਜਵਾਨ ਦਾ ਨਾ ਲੱਗ ਕੇ ਕਿਸੇ ਸੰਤ ਦਾ ਲੱਗ ਰਿਹਾ ਹੈ। ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਬੁੱਤ ਸੰਗਮਰਮਰ ਦਾ ਨਾ ਹੋ ਕੇ ਪਾਲਿਸਟੋਨ ਕੁਆਲਿਟੀ ਦਾ ਹੈ ਅਤੇ ਇਸ ਉੱਪਰ ਕੀਤਾ ਗਿਆ ਪੇਂਟ ਵੀ ਹੁਣ ਉਤਰਨਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਿਹਾ ਕਤਲ ਹੋਇਆ
ਇਸ ਬੁੱਤ ਦੀ ਕੁਆਲਿਟੀ ਅਤੇ ਨਿਗਮ ਵੱਲੋਂ ਵਰਤੀ ਗਈ ਲਾਪ੍ਰਵਾਹੀ ਨੂੰ ਲੈ ਕੇ ਸਾਬਕਾ ਲੋਕਲ ਬਾਡੀਜ਼ ਮੰਤਰੀ ਮਨੋਰੰਜਨ ਕਾਲੀਆ ਨੇ ਮੁੱਖ ਮੰਤਰੀ ਦਫਤਰ ਤਕ ਸ਼ਿਕਾਇਤਾਂ ਕੀਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸੀ. ਐੱਮ. ਓ. ਆਫਿਸ ਦੇ ਨਿਰਦੇਸ਼ਾਂ ’ਤੇ ਸਬੰਧਤ ਵਿਭਾਗ ਨੇ ਇਸ ਪ੍ਰਾਜੈਕਟ ’ਤੇ ਖਰਚ ਹੋਏ 10 ਲੱਖ ਰੁਪਏ ਦੀ ਜਾਂਚ ਕੀਤੀ ਤਾਂ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ ਕਿਉਂਕਿ ਬੁੱਤ ਦੇ ਨਿਰਮਾਣ ’ਤੇ ਬਹੁਤ ਘੱਟ ਪੈਸੇ ਖਰਚ ਹੋਏ ਹਨ ਅਤੇ ਪੈਸੇ ਬਚਾਉਣ ਦੇ ਚੱਕਰ ’ਚ ਬੁੱਤ ਉੱਪਰ ਲਾਈ ਗਈ ਛਤਰੀ ਦਾ ਸਾਈਜ਼ ਵੀ ਕਾਫੀ ਛੋਟਾ ਰੱਖਿਆ ਗਿਆ ਹੈ, ਜਿਸ ਕਾਰਨ ਇਹ ਦੂਰੋਂ ਨਜ਼ਰ ਹੀ ਨਹੀਂ ਆਉਂਦਾ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।