ਅੰਦੋਲਨ ਨੂੰ ਦੇਖਦੇ ਹੋਏ ਸੂਬਾ ਚੋਣ ਕਮਿਸ਼ਨ ਲੋਕਲ ਬਾਡੀਜ਼ ਦੀਆਂ ਚੋਣਾਂ ਕਰੇ ਮੁਲਤਵੀ : ਬੈਂਸ
Thursday, Jan 21, 2021 - 12:29 AM (IST)

ਲੁਧਿਆਣਾ, (ਪਾਲੀ)- ਅੱਜ ਇਥੇ ਲੋਕ ਇਨਸਾਫ ਪਾਰਟੀ ਕੋਰ ਕਮੇਟੀ ਦੀ ਮੀਟਿੰਗ ਸਿਮਰਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਸਰਕਟ ਹਾਉਸ ਵਿਖੇ ਹੋਈ। ਮੀਟਿੰਗ ਵਿਚ ਸਰਬ ਸੰਮਤੀ ਨਾਲ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਟਰੈਕਟਰ ਪਰੇਡ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਅਤੇ ਲੋਕਲ ਬਾਡੀਜ਼ ਦੀਆਂ ਚੋਣਾਂ ਮੁਲਤਵੀ ਕਰਨ ਦੀ ਮੰਗ ਸਬੰਧੀ 22 ਜਨਵਰੀ ਨੂੰ ਪੰਜਾਬ ਚੋਣ ਕਮਿਸ਼ਨ ਦੇ ਦਫਤਰ ਅੱਗੇ ਰੋਸ ਧਰਨਾ ਦੇਣ ਦਾ ਫੈਸਲਾ ਲਿਆ ਗਿਆ।
ਬੈਂਸ ਨੇ ਦੱਸਿਆ ਕਿ ਲਿਪ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਵੱਡੀ ਗਿਣਤੀ ਵਿਚ ਸਾਥੀਆਂ ਨਾਲ ਟਰੈਕਟਰ ਲੈ ਕੇ 23 ਜਨਵਰੀ ਤੋਂ ਦਿੱਲੀ ਵੱਲ ਕੂਚ ਕਰਨ ਤੇ ਲੋਕਾਂ ਨੂੰ ਵੀ ਦਿੱਲੀ ਵੱਲ ਜਾਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੇ ਸਮੇਂ ਵਿਚ ਲੋਕਲ ਬਾਡੀਜ਼ ਦੀਆਂ ਚੋਣਾਂ ਕਰਵਾਉਣਾ ਸਰਾਸਰ ਗਲਤ ਹੈ, ਜਿਸ ਸਬੰਧੀ ਲੋਕ ਇਨਸਾਫ ਪਾਰਟੀ ਨੇ ਜ਼ਿਲ੍ਹਾ ਪੱਧਰ ’ਤੇ ਮਾਣਯੋਗ ਡਿਪਟੀ ਕਮਿਸ਼ਨਰਾਂ ਰਾਹੀਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਲੋਕਲ ਬਾਡੀਜ਼ ਦੀਆਂ ਚੋਣਾਂ ਨੂੰ ਕਿਸਾਨ ਸੰਘਰਸ਼ ਦੀ ਜਿੱਤ/ਸਮਾਪਤੀ ਤੱਕ ਮੁਲਤਵੀ ਕੀਤਾ ਜਾਵੇ ਕਿਉਂਕਿ ਇਨ੍ਹਾਂ ਚੋਣਾਂ ਵਿਚ ਪੰਜਾਬ ਦੇ ਲੋਕਾਂ ਦਾ ਹਿੱਸਾ ਲੈਣਾ ਸੁਭਾਵਿਕ ਹੈ ਅਤੇ ਨਾ ਚਾਹੁੰਦੇ ਹੋਏ ਵੀ ਲੋਕਾਂ ਨੂੰ ਪੰਜਾਬ ਆਉਣਾ ਪਵੇਗਾ, ਜਿਸ ਨਾਲ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਿਹਾ ਸੰਘਰਸ਼ ਕਮਜ਼ੋਰ ਹੋਵੇਗਾ। ਇਹ ਚੋਣਾਂ ਮੁਲਤਵੀ ਕਰਾਉਣ ਦੀ ਮੰਗ ਸਬੰਧੀ ਪੰਜਾਬ ਚੋਣ ਕਮਿਸ਼ਨ ਦੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਕੋਰ ਕਮੇਟੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਸੰਕੇਤਕ ਧਰਨਾ ਦੇ ਕੇ ਮੰਗ-ਪੱਤਰ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਵਰਪਾਲ, ਮਹਿੰਦਰਪਾਲ ਸਿੰਘ ਦਾਨਗੜ੍ਹ, ਜਰਨੈਲ ਸਿੰਘ ਨੰਗਲ, ਪ੍ਰਕਾਸ਼ ਸਿੰਘ ਮਾਹਲ, ਜਸਵਿੰਦਰ ਸਿੰਘ ਖਾਲਸਾ, ਗਗਨਦੀਪ ਸਿੰਘ, ਸੰਨੀ ਕੈਂਥ, ਜਗਜੋਤ ਸਿੰਘ, ਗੁਰਜੋਧ ਸਿੰਘ ਗਿੱਲ, ਪ੍ਰਦੀਪ ਸ਼ਰਮਾ ਗੋਗੀ, ਹਰਜਾਪ ਸਿੰਘ ਹਾਜ਼ਰ ਸਨ।