ਵਾਲਮੀਕਿ/ਮਜ਼੍ਹਬੀ ਸਿੱਖ ਮਹਾਸਭਾ ਨੇ ਫੂਕਿਆ ਸਰਕਾਰ ਦਾ ਪੁਤਲਾ

Friday, Jun 30, 2017 - 07:36 AM (IST)

ਵਾਲਮੀਕਿ/ਮਜ਼੍ਹਬੀ ਸਿੱਖ ਮਹਾਸਭਾ ਨੇ ਫੂਕਿਆ ਸਰਕਾਰ ਦਾ ਪੁਤਲਾ

ਮੋਗਾ  (ਗਰੋਵਰ, ਗੋਪੀ) - ਵਾਲਮੀਕਿ/ਮਜ਼੍ਹਬੀ ਸਿੱਖ ਮਹਾਸਭਾ ਵੱਲੋਂ ਅੱਜ ਸਭਾ ਦੇ ਚੇਅਰਮੈਨ ਜਗਤਾਰ ਸਿੰਘ ਮੱਖੂ, ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਦਰਜਾ ਚਾਰ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਕਰਮਚੰਦ ਚਿੰਡਾਲੀਆ, ਜਥੇਬੰਦੀ ਸਕੱਤਰ ਰਾਜਪਾਲ ਸਿੰਘ, ਸੋਮਨਾਥ, ਚਮਨ ਲਾਲ ਸੰਗੇਲੀਆ ਦੀ ਅਗਵਾਈ 'ਚ ਮੇਨ ਬਾਜ਼ਾਰ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।  ਇਸ ਦੌਰਾਨ ਵਾਲਮੀਕਿ/ਮਜ਼੍ਹਬੀ ਸਿੱਖ ਮਹਾਸਭਾ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ, ਪੱਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਬਣਾਉਣ ਲਈ 4 ਸ਼ਰਤਾਂ, ਜੋ ਦਲਿਤ ਵਿਅਕਤੀ ਪੂਰੀ ਨਹੀਂ ਕਰ ਸਕਦੇ, ਵਾਲਾ ਪ੍ਰੋਫਾਰਮਾ ਜਾਰੀ ਕੀਤਾ ਗਿਆ ਹੈ, ਜਿਸ ਨਾਲ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਐੱਸ. ਸੀ. ਸਰਟੀਫਿਕੇਟ ਬਣਾਉਣਾ ਲਗਭਗ ਅਸੰਭਵ ਹੋ ਜਾਵੇਗਾ, ਦੀ ਪੁਰਜ਼ੋਰ ਸ਼ਬਦਾਂ 'ਚ ਨਿੰਦਾ ਕੀਤੀ। ਇਸ ਨਾਦਰਸ਼ਾਹੀ ਹੁਕਮ ਨਾਲ ਸਾਰੇ ਪੰਜਾਬ ਦੇ ਦਲਿਤ ਭਾਈਚਾਰੇ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।  ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਕਤ ਨਾਦਰਸ਼ਾਹੀ ਹੁਕਮ ਨੂੰ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ 'ਚ ਵੱਡੇ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਸਮੇਂ ਇੰਦਰਪਾਲ ਸਿੰਘ, ਲਖਵੀਰ ਸਿੰਘ, ਧਰਮਿੰਦਰ ਸਿੰਘ, ਇਕਬਾਲ ਸਿੰਘ ਭੱਟੀ ਆਦਿ ਮੈਂਬਰ ਮੌਜੂਦ ਸਨ।


Related News