ਐੱਸ.ਐੱਸ.ਪੀ.ਸਿੱਧੂ ਸਮੇਤ ਸਮੁੱਚੇ ਪੁਲਸ ਅਧਿਕਾਰੀ ਬਣੇ 'ਹਰਜੀਤ ਸਿੰਘ'
Tuesday, Apr 28, 2020 - 11:15 AM (IST)
ਪਟਿਆਲਾ (ਜ. ਬ.): ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਦੇ ਹੁਕਮਾਂ 'ਤੇ ਸੰਕਟ ਦੇ ਸਮੇਂ ਪੁਲਸ ਨੂੰ ਆਪਣੀ ਡਿਊਟੀ ਤਨਦੇਹੀ ਨਿਭਾਉਣ ਲਈ ਮੋਟੀਵੇਸ਼ਨ ਕਰਨ ਵਾਸਤੇ ਅੱਜ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਸਮੇਤ ਸਮੁੱਚੇ ਅਧਿਕਾਰੀਆਂ ਨੇ ਐੱਸ. ਆਈ. ਹਰਜੀਤ ਸਿੰਘ ਦੀ ਨੇਮ ਪਲੇਟ ਲਾ ਕੇ ਆਪਣੀ ਡਿਊਟੀ ਨਿਭਾਈ। ਸਭ ਤੋਂ ਅਹਿਮ ਗੱਲ ਇਹ ਸੀ ਕਿ ਕਈ ਥਾਵਾਂ 'ਤੇ ਪੁਲਸ ਮੁਲਾਜ਼ਮਾਂ ਨੇ ਹੱਥ ਵਿਚ ਤਖ਼ਤੀ ਫੜੀ ਹੋਈ ਸੀ, ਜਿਸ 'ਤੇ ਲਿਖਿਆ ਸੀ 'ਮੈਂ ਹਰਜੀਤ ਸਿੰਘ ਹਾਂ'। ਐੱਸ. ਐੱਸ. ਪੀ. ਤੋਂ ਇਲਾਵਾ ਐੱਸ. ਪੀ. ਸਿਟੀ ਵਰੁਣ ਸ਼ਰਮਾ, ਸਮੁੱਚੇ ਡੀ. ਐੱਸ. ਪੀਜ., ਸਮੁੱਚੇ ਥਾਣਾ ਮੁਖੀਆਂ ਅਤੇ ਬਾਕੀ ਅਧਿਕਾਰੀਆਂ ਵੱਲੋਂ ਵੀ ਅੱਜ ਆਪਣੀ ਥਾਂ 'ਤੇ ਹਰਜੀਤ ਸਿੰਘ ਦੀ ਨੇਮ ਪਲੇਟ ਲਾਈ ਗਈ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹ ਬਹਾਦਰ ਪੁਲਸ ਅਧਿਕਾਰੀ ਸਬ- ਇੰਸਪੈਕਟਰ ਹਰਜੀਤ ਸਿੰਘ ਵੱਲੋਂ ਨਿਭਾਈ ਗਈ ਸ਼ਾਨਦਾਰ ਡਿਊਟੀ ਬਦਲੇ ਉਸ ਨੂੰ ਮਾਣ-ਸਨਮਾਨ ਦਿੱਤਾ ਗਿਆ ਹੈ।
ਮੈਂ ਅਤੇ ਮੇਰਾ ਪਰਿਵਾਰ ਇਸ ਸਨਮਾਨ ਲਈ ਪੂਰੀ ਉਮਰ ਪੰਜਾਬ ਦਾ ਰਿਣੀ ਰਹੇਗਾ : ਹਰਜੀਤ ਸਿੰਘ
ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਅੱਜ ਡੀ. ਜੀ. ਪੀ. ਪੰਜਾਬ ਅਤੇ ਸਮੁੱਚੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਅੱਜ ਇੰਨਾਂ ਵੱਡਾ ਮਾਣ-ਸਨਮਾਨ ਦੇਣ 'ਤੇ ਭਾਵੁਕ ਸ਼ਬਦਾਂ ਵਿਚ ਕਿਹਾ ਕਿ ਉਹ ਅਤੇ ਉਸ ਦਾ ਪਰਿਵਾਰ ਹਮੇਸ਼ਾ ਪੰਜਾਬ ਪੁਲਸ ਦਾ ਰਿਣੀ ਰਹੇਗਾ, ਜਿਨ੍ਹਾਂ ਮੁਸ਼ਕਲ ਸਮੇਂ ਨਾ ਕੇਵਲ ਉਨ੍ਹਾਂ ਦਾ ਸਹੀ ਤਰੀਕੇ ਨਾਲ ਇਲਾਜ ਕਰਵਾਇਆ ਬਲਕਿ ਤਰੱਕੀ ਦਿੱਤੀ ਅਤੇ ਇੰਨਾਂ ਵੱਡਾ ਮਾਣ-ਸਨਮਾਨ ਦਿੱਤਾ। ਇਹ ਨਿਸ਼ਚਿਤ ਤੌਰ 'ਤੇ ਸਾਡੇ ਸਾਰੇ ਸਾਥੀਆਂ ਲਈ ਇਕ ਬਹੁਤ ਵੱਡੀ ਮੋਟੀਵੇਸ਼ਨ ਹੈ ਕਿਉਂਕਿ ਪੁਲਸ ਨੂੰ ਵੈਸੇ ਤਾਂ ਹਰ ਹਾਲਾਤ ਅਤੇ ਮੁਸ਼ਕਲ ਘੜੀ ਵਿਚ ਆਪਣੀ ਡਿਊਟੀ ਨਿਭਾਉਣੀ ਪੈਂਦੀ ਹੈ ਪਰ 'ਕੋਰੋਨਾ' ਵਰਗੀ ਭਿਆਨਕ ਬੀਮਾਰੀ ਦੌਰਾਨ ਡਿਊਟੀ ਨਿਭਾਉਣਾ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੈ, ਜਿਸ ਨੂੰ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਦੀ ਅਗਵਾਈ ਹੇਠ ਪੰਜਾਬ ਪੁਲਸ ਬੜੀ ਕੁਸ਼ਲਤਾ ਨਾਲ ਨਿਭਾਅ ਰਹੀ ਹੈ।