ਪ੍ਰਕਾਸ਼ ਪੁਰਬ ਦੀ ਬਦਲੀ ਤਾਰੀਖ਼ ਦਾ ਪਿਆ ਸੰਗਤਾਂ ਦੀ ਆਮਦ ''ਤੇ ਅਸਰ
Sunday, Jan 13, 2019 - 12:40 PM (IST)

ਪਟਨਾ— ਬੇਸ਼ੱਕ 350 ਸਾਲਾ ਅਤੇ ਪਿਛਲੇ ਸਾਲ ਦੇ ਸ਼ੁਕਰਾਨਾ ਸਮਾਗਮ ਵੱਡੇ ਸਮਾਗਮ ਸਨ ਪਰ ਇਸ ਵਾਰ ਬਦਲਵੀਂਆਂ ਤਾਰੀਖ਼ਾਂ ਦਾ ਅਸਰ ਵੀ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਪਹੁੰਚ ਰਹੀ ਸੰਗਤਾਂ ਦੀ ਘੱਟ ਗਿਣਤੀ ਨੂੰ ਵੇਖਦਿਆਂ ਸਮਝਿਆ ਜਾ ਸਕਦਾ ਹੈ। ਰਾਣੀ ਵਿਸ਼ੰਭਰਾ ਸਰਾਂ ਦੇ ਸੇਵਾਦਾਰ ਅਜੀਤ ਸਿੰਘ ਮੁਤਾਬਕ ਇਸ ਵਾਰ ਬਹੁਤੀਆਂ ਸੰਗਤਾਂ ਨਵੇਂ ਸਾਲ ਦੀਆਂ ਛੁੱਟੀਆਂ ਵਿਚ ਹੀ ਦਰਸ਼ਨ ਕਰਕੇ ਚਲੇ ਗਈਆਂ ਹਨ। ਸੰਗਤਾਂ ਦੀ ਇਸ ਆਈ ਚਲਾਈ 'ਚ ਇਸ ਵਾਰ ਦੀ ਬਦਲੀ ਤਾਰੀਖ਼ ਅਸਰ ਪਾ ਰਹੀ ਹੈ। ਤਖ਼ਤ ਪਟਨਾ ਸਾਹਿਬ ਤੋਂ ਪ੍ਰਬੰਧਕਾਂ 'ਚੋਂ ਮਲਕੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ 1 ਲੱਖ ਤੋਂ ਵੱਧ ਪਿੰਨੀ ਪ੍ਰਸ਼ਾਦ ਤਿਆਰ ਕੀਤਾ ਹੈ ਪਰ ਸੰਗਤਾਂ ਦੀ ਘੱਟ ਆਮਦ ਹੈ। ਇਸ ਦੇ ਤਿੰਨ ਪ੍ਰਮੁੱਖ ਕਾਰਨ ਹਨ। ਪਿਛਲੇ ਸਾਲ ਹੋਏ ਸਮਾਗਮ ਆਮ ਸਾਲਾਂ ਨਾਲੋਂ ਖਾਸ ਅਤੇ ਵੱਡੇ ਸਨ। ਦੂਜਾ ਇਸ ਵਾਰ ਦੇ ਸਮਾਗਮ ਛੁੱਟੀਆਂ 'ਚ ਨਹੀਂ ਹਨ ਅਤੇ ਤੀਜਾ ਖਾਸ ਕਾਰਨ ਲੋਹੜੀ ਅਤੇ ਮਾਘੀ ਦੇ ਮੇਲੇ ਹਨ। ਕਿਉਂਕਿ ਪੰਜਾਬ 'ਚ ਲੋਹੜੀ ਦੇ ਤਿਉਹਾਰ ਦਾ ਆਪਣਾ ਸੱਭਿਆਚਾਰਕ ਆਧਾਰ ਹੈ ਅਤੇ ਸੰਗਤਾਂ ਪਟਨਾ ਸਾਹਿਬ ਦੇ ਦਰਸ਼ਨਾਂ ਨੂੰ ਅੱਗੇ ਪਿੱਛੇ ਆ ਰਹੀਆਂ ਹਨ।
ਇਹ ਸ਼ਖਸੀਅਤਾਂ ਹੋ ਚੁੱਕੀਆਂ ਨੇ ਨਤਮਸਤਕ
ਮੁੱਖ ਮੰਤਰੀ ਬਿਹਾਰ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਤੇ ਕਈ ਹੋਰ ਸ਼ਖਸੀਅਤਾਂ ਨਤਮਸਤਕ ਹੋ ਚੁੱਕੀਆਂ ਹਨ।