ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਮਾਪਿਆਂ ਨੂੰ ਕੀਤਾ ਸੀ ਵਾਇਸ ਮੈਸੇਜ, ''ਮੈਨੂੰ ਇਨ੍ਹਾਂ ਨੇ ਸਲਫਾਸ ਦੇ ਦਿੱਤਾ''
Thursday, Jun 17, 2021 - 06:04 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਖੁਰਦ ਦੀ ਕੁੜੀ ਜੋ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਖਿੜਕੀਆਂ ਵਾਲਾ ’ਚ ਵਿਆਹੀ ਸੀ ਦੀ ਮੌਤ ਦੇ ਸਬੰਧ ’ਚ ਸਹੁਰਾ ਪਰਿਵਾਰ ’ਤੇ ਦੋਸ਼ ਲਾਉਂਦਿਆਂ ਪੇਕਾ ਪਰਿਵਾਰ ਨੇ ਅੱਜ ਗਿੱਦੜਬਾਹਾ ਦੇ ਕਚਹਿਰੀ ਚੌਂਕ ’ਚ ਧਰਨਾ ਲਾਇਆ ਅਤੇ ਸਹੁਰਾ ਪਰਿਵਾਰ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।ਚਾਰ ਸੈਕਿੰਡ ਦਾ ਇਹ ਵਾਇਸ ਮੈਸੇਜ ਇਕ ਧੀ ਦਾ ਦਰਦ ਬਿਆਨ ਕਰਦਾ ਜਿਸ ਵਿਚ ਉਹ ਕਹਿ ਰਹੀ ਕਿ ਉਸ ਨੂੰ ਸਲਫਾਸ ਦੇ ਦਿੱਤਾ ਗਿਆ। ਇਹੀ ਸਲਫਾਸ ਤਿੰਨ ਮਹੀਨੇ ਪਹਿਲਾਂ ਵਿਆਹੀ ਗਗਨਦੀਪ ਦੀ ਮੌਤ ਦਾ ਕਾਰਨ ਬਣਿਆ।
ਇਹ ਵੀ ਪੜ੍ਹੋ: ਦੁੱਖ਼ਦਾਇਕ ਖ਼ਬਰ: ਦਿੱਲੀ ਸਿੱਘੂ ਮੋਰਚੇ ਤੋਂ ਪਰਤੇ ਪਿੰਡ ਛੋਟਾ ਘਰ ਦੇ ਕਿਸਾਨ ਦੀ ਮੌਤ
ਦਰਅਸਲ ਮੁਕਤਸਰ ਦੇ ਨੇੜਲੇ ਪਿੰਡ ਖਿੜਕੀਆਂ ਵਾਲਾ ਵਿੱਚ ਕਰੀਬ ਤਿੰਨ ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਸਹੁਰੇ ਘਰ ਹੋਈ ਮੌਤ ਤੋਂ ਬਾਅਦ ਕੁੜੀ ਦੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ ’ਤੇ ਕੁੜੀ ਨੂੰ ਸਲਫਾਸ ਦੇ ਕੇ ਮਾਰਨ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਦੋਸ਼ਾਂ ਤਹਿਤ ਨਾਮਜ਼ਦ ਮੈਂਬਰਾਂ ਦੀ ਗ੍ਰਿਫ਼ਤਾਰੀ ਨਾ ਹੋਣ ਅਤੇ ਕੁੜੀ ਦੇ ਪੋਸਟਮਾਰਟ ’ਚ ਦੇਰੀ ਨੂੰ ਲੈ ਕੇ ਕੁੜੀ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਗਿੱਦੜਬਾਹਾ ਦੇ ਕਚਿਹਰੀ ਚੌਂਕ ’ਚ ਧਰਨਾ ਲਗਾਇਆ। ਇਸ ਤੋਂ ਪਹਿਲਾਂ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਕੁੜੀ ਵਾਲਿਆਂ ਨੇ ਪੁਲਸ ਪ੍ਰਸ਼ਾਸਨ, ਪੰਜਾਬ ਸਰਕਾਰ ਤੇ ਸਿਸਟਮ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਹ ਵੀ ਪੜ੍ਹੋ: ਲਾਪਤਾ ਨਾਬਾਲਗ ਕੁੜੀ ਦੀ ਨਹਿਰ ’ਚੋਂ ਮਿਲੀ ਲਾਸ਼,ਪਿਤਾ ਨੇ ਲਾਏ ਗੰਭੀਰ ਦੋਸ਼
ਇਸ ਮੌਕੇ ਮ੍ਰਿਤਕ ਗਗਨਦੀਪ ਕੌਰ ਵਾਸੀ ਵਿਰਕ ਖੁਰਦ ਜ਼ਿਲ੍ਹਾ ਬਠਿੰਡਾ ਦੇ ਤਾਇਆ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਕੁੜੀ ਗਗਨਦੀਪ ਕੌਰ ਦਾ ਵਿਆਹ ਕਰੀਬ 3 ਮਹੀਨੇ ਪਹਿਲਾਂ ਗੁਰਪ੍ਰੀਤ ਸਿੰਘ ਵਾਸੀ ਖਿੜਕੀਆਂ ਵਾਲਾ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਕੀਤਾ ਸੀ ਅਤੇ ਵਿਆਹ ਸਮੇਂ ਉਨ੍ਹਾਂ ਆਪਣੀ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ ਸੀ ਅਤੇ ਵਿਆਹ ਤੋਂ 10-15 ਦਿਨ ਤਾਂ ਸਭ ਕੁਝ ਠੀਕ ਰਿਹਾ। ਉਸ ਤੋਂ ਬਾਅਦ ਕੁੜੀ ਦੇ ਸਹੁਰਾ ਪਰਿਵਾਰ ਤੇ ਪਤੀ ਨੇ ਉਸ ਨੂੰ ਹੋਰ ਦਾਜ ਤੇ ਪੈਸੇ ਲਿਆਉਣ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਕੁੜੀ ਦੇ ਸਹੁਰਾ ਪਰਿਵਾਰ ਵੱਲੋਂ ਗਗਨਦੀਪ ਦੀ ਕੁੱਟਮਾਰ ਕਰਨ ਉਪਰੰਤ ਉਸ ਨੂੰ ਸਾਡੇ ਕੋਲ ਛੱਡ ਗਏ। ਉਸ ਤੋਂ ਬਾਅਦ ਪੰਚਾਇਤੀ ਰਾਜੀਨਾਮਾ ਹੋਣ ਤੇ ਅਸੀਂ ਉਸ ਨੂੰ ਸਹੁਰੇ ਘਰ ਪਿੰਡ ਖਿੜਕੀਆਂ ਵਾਲਾ ਛੱਡ ਆਏ, ਉਸ ਤੋਂ ਕਰੀਬ 10 ਦਿਨ ਬਾਅਦ ਫ਼ਿਰ ਤੋਂ ਉਸ ਦੇ ਸਹੁਰਾ ਪਰਿਵਾਰ ਨੇ ਕੁੱਟਮਾਰ ਕੀਤੀ ਅਤੇ ਸਾਡੇ ਕੋਲ ਵਿਰਕ ਖੁਰਦ ਛੱਡ ਗਏ, ਪਿਛਲੇ ਕਰੀਬ 20 ਦਿਨ ਤੋਂ ਕੁੜੀ ਆਪਣੇ ਪੇਕੇ ਪਰਿਵਾਰ ਕੋਲ ਰਹਿ ਰਹੀ ਸੀ ਅਤੇ ਦੋ ਦਿਨ ਪਹਿਲਾਂ ਗਗਨਦੀਪ ਦੀ ਸੱਸ, ਪਤੀ ਤੇ ਨਨਾਣ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਆਏ ਅਤੇ ਕੁੜੀ ਗਗਨਦੀਪ ਨੂੰ ਆਪਣੇ ਨਾਲ ਲੈ ਗਏ, ਉਸ ਤੋਂ ਬਾਅਦ ਸਵੇਰੇ ਫ਼ੋਨ ਆਇਆ ਕਿ ਕੁੜੀ ਦੀ ਮੌਤ ਹੋ ਗਈ ਹੈ। ਕੁੜੀ ਦੇ ਰਿਸ਼ਤੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਕੁੜੀ ਦਾ ਵਾਇਸ ਮੈਸੇਜ ਆਇਆ ਕਿ ਸਹੁਰਾ ਪਰਿਵਾਰ ਮੈਨੂੰ ਸਲਫਾਸ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਬਠਿੰਡਾ : ਮਾਲਗੱਡੀ ਦੀ ਛੱਤ 'ਤੇ ਵੀਡੀਓ ਬਣਾ ਰਿਹਾ ਨੌਜਵਾਨ ਹਾਈਵੋਲਟੇਜ ਤਾਰਾਂ ਨਾਲ ਉਲਝ ਕੇ ਝੁਲਸਿਆ (ਤਸਵੀਰਾਂ)
ਸਤਨਾਮ ਸਿੰਘ ਨੇ ਦੱਸਿਆ ਕਿ ਵਿਆਹੁਤਾ ਦੇ ਪਤੀ ਗੁਰਪ੍ਰੀਤ ਸਿੰਘ ਦਾ ਫ਼ੋਨ ਆਇਆ ਕਿ ਗਗਨਦੀਪ ਨੇ ਸਲਫਾਸ ਖਾ ਲਈ ਹੈ ਅਤੇ ਜਦ ਅਸੀਂ ਉਸ ਨੂੰ ਗਗਨਦੀਪ ਨੂੰ ਹਸਪਤਾਲ ਲਿਜਾਣ ਲਈ ਕਿਹਾ ਅਤੇ ਜਦ ਅਸੀਂ ਮੁਕਤਸਰ ਦੇ ਇਕ ਨਿੱਜੀ ਹਸਪਤਾਲ ਪੁੱਜੇ ਤਾਂ ਵਿਆਹੁਤਾ ਦੀ ਲਾਸ਼ ਐਂਬੂਲੈਂਸ ’ਚ ਪਈ ਸੀ ਅਤੇ ਉਸ ਕੋਲ ਕੋਈ ਵੀ ਨਹੀਂ ਸੀ। ਉਨ੍ਹਾਂ ਮੰਗ ਕੀਤੀ ਕਿ ਵਿਆਹੁਤਾ ਦੇ ਸਹੁਰਾ ਪਰਿਵਾਰ ਜਿਨ੍ਹਾਂ 'ਤੇ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਵਿਆਹੁਤਾ ਦਾ ਪੋਸਟਮਾਰਟਮ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦ ਤਕ ਮਾਮਲੇ ’ਚ ਨਾਮਜ਼ਦ ਲੋਕਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਹ ਆਪਣੀ ਧੀ ਦਾ ਸਸਕਾਰ ਨਹੀਂ ਕਰਨਗੇ। ਜਦ ਇਸ ਸਬੰਧੀ ਥਾਣਾ ਕੋਟਭਾਈ ਦੇ ਐੱਸ.ਐਚ.ਓ. ਨਵਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁੜੀ ਦੇ ਤਾਇਆ ਪਰਮਜੀਤ ਸਿੰਘ ਦੇ ਬਿਆਨਾਂ ’ਤੇ ਕੁੜੀ ਦੇ ਪਤੀ, ਸੱਸ, ਦੋ ਨਨਾਣਾ ਜੋ ਕੁਆਰੀਆਂ ਹਨ ਤੇ ਇਕ ਨਨਾਣ ਜੋ ਭਲਾਈਆਣਾ ਵਿਆਹੀ ਹੋਈ ਹੈ ’ਤੇ ਮਾਮਲਾ ਦਰਜ ਕਰ ਕੇ ਕੁੜੀ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ। ਧਰਨੇ ਵਾਲੀ ਜਗ੍ਹਾ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਵਲੋਂ ਭਰੋਸਾ ਦੇਣ ’ਤੇ ਕੁੜੀ ਵਾਲਿਆਂ ਨੇ ਧਰਨਾ ਚੁੱਕ ਲਿਆ।
ਇਹ ਵੀ ਪੜ੍ਹੋ: ਸ਼ਹੀਦ ਫ਼ੌਜੀ ਜੁਗਰਾਜ ਸਿੰਘ ਦਾ ਕੀਤਾ ਗਿਆ ਸਸਕਾਰ, ਭੈਣ ਨੇ ਸਿਹਰਾ ਸਜਾ ਕੇ ਦਿੱਤੀ ਅੰਤਿਮ ਵਿਦਾਈ, ਹਰ ਅੱਖ ਹੋਈ ਨਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ