ਕੋਰੋਨਾ ਦੇ ਸੰਕਟ ਦਰਮਿਆਨ ਵਿਧਾਇਕ ਰਾਜਾ ਵੜਿੰਗ ਨੇ ਬਾਦਲ ਜੋੜੇ ਨੂੰ ਲਿਖੀ ਚਿੱਠੀ, ਰੱਖੀਆਂ ਇਹ ਮੰਗਾਂ
Tuesday, May 05, 2020 - 08:17 PM (IST)
ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ— ਪੰਜਾਬ 'ਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਇਸ ਨਾਲ ਨਜਿੱਠਣ ਲਈ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਾਦਲ ਜੋੜੇ ਨੂੰ ਚਿੱਠੀ ਲਿਖ ਕੇ ਆਪਣੇ ਕਾਰੋਬਾਰ 'ਚੋਂ ਕੋਰੋਨਾ ਵਾਇਰਸ ਮਹਾਂਮਾਰੀ 'ਚ ਹਿੱਸਾ ਪਾਉਣ ਦੀ ਮੰਗ ਕੀਤੀ ਹੈ। ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਲਿਖੀ ਚਿੱਠੀ 'ਚ ਰਾਜਾ ਵੜਿੰਗ ਕੁਝ ਬੇਨਤੀਆਂ ਕਰਦੇ ਹੋਏ ਕਿਹਾ ਕਿ ਉਮੀਦ ਕਰਦਾ ਹਾਂ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਕੋਰੋਨਾ ਮਹਾਂਮਾਰੀ ਦੇ ਸੰਕਟ 'ਚ ਠੀਕ-ਠਾਕ ਹੋਵੇਗਾ ਅਤੇ ਤੁਸੀਂ ਆਪਣੇ ਆਪ ਨੂੰ ਘਰ ਅੰਦਰ ਹੀ ਸੁਰੱਖਿਅਤ ਰੱਖਦੇ ਹੋਏ ਜਨਤਕ ਥਾਵਾਂ 'ਤੇ ਜਾਣ ਤੋਂ ਪਰਹੇਜ਼ ਕਰ ਰਹੇ ਹੋਵੋਗੇ। ਪੰਜਾਬ ਦੇ ਸਭ ਤੋਂ ਵੱਡੇ ਸਿਆਸੀ ਅਤੇ ਬਿਜ਼ਨੈੱਸ ਪਰਿਵਾਰ ਦੇ ਮੁਖੀ ਹੋਣ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਇਸ ਸੰਕਟ ਦੇ ਸਮੇਂ 'ਚ ਆਪਣਾ ਵਡੱਪਣ ਦਿਖਾਉਂਦੇ ਹੋਏ ਪੰਜਾਬ ਦੇ ਲੋਕਾਂ ਲਈ ਆਪਣਾ ਹਿੱਸਾ ਪਾਓ।
ਇਹ ਵੀ ਪੜ੍ਹੋ: ਕਪੂਰਥਲਾ 'ਚ ਖੌਫਨਾਕ ਵਾਰਦਾਤ, ਡਿਪੂ ਹੋਲਡਰ ਦਾ ਕੀਤਾ ਬੇਰਹਿਮੀ ਨਾਲ ਕਤਲ
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੇ ਸਾਰੇ ਬਿਜ਼ਨੈੱਸਮੈਨਾਂ ਨੂੰ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਕੱਟਣ ਬਾਰੇ ਬੇਨਤੀ ਕੀਤੀ ਹੈ, ਉਸੇ ਤਰ੍ਹਾਂ ਤੁਸੀਂ ਵੀ ਪਹਿਲਕਮਦੀ ਕਰਦੇ ਹੋਏ ਪੰਜਾਬ ਦੇ ਵੱਡੇ ਪ੍ਰਾਈਵੇਟ ਬੱਸਾਂ ਦੇ ਮਾਲਕ ਹੋਣ ਦੇ ਨਾਤੇ ਆਪਣੇ ਡਰਾਈਵਰਾਂ ਅਤੇ ਕੰਡਕਟਰਾਂ ਦੀ ਤਨਖਾਹ ਬਿਨਾਂ ਕਿਸੇ ਕਟੌਤੀ ਦੇ ਉਨ੍ਹਾਂ ਨੂੰ ਦਿਓ। ਤੁਹਾਡੇ ਇਸ ਕਦਮ ਨਾਲ ਤੁਹਾਡੀਆਂ ਸਹਿਯੋਗੀਆਂ ਕੰਪਨੀਆਂ ਅਤੇ ਦੂਜੇ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਚੰਗਾ ਸੁਨੇਹਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ 'ਚ ਕੇਬਲ ਅਤੇ ਇੰਟਰਨੈੱਟ ਬਿਜ਼ਨੈੱਸ 'ਚ ਤੁਹਾਡੀ ਫਾਸਟਵੈਅ ਕੰਪਨੀ ਸਭ ਤੋਂ ਵੱਡੀ ਕੰਪਨੀ ਹੈ ਅਤੇ ਇਸ ਦੇ ਮਾਲਕ ਹੋਣ ਦੇ ਨਾਤੇ ਲਾਕ ਡਾਊਨ ਕਾਰਨ ਘਰਾਂ 'ਚ ਬੈਠੇ ਪੰਜਾਬੀਆਂ ਲਈ ਦਰਿਆਦਿਲੀ ਦਿਖਾਉਂਦੇ ਹੋਏ ਲਾਕ ਡਾਊਨ ਦੇ ਪੀਰੀਅਡ ਦੌਰਾਨ ਲੋਕਾਂ ਦੇ ਫਾਸਟਵੇਅ ਕੇਬਲ ਅਤੇ ਇੰਟਰਨੈੱਟ ਬਿੱਲ ਮੁਆਫ ਕਰਨ ਦੀ ਕ੍ਰਿਪਾ ਕੀਤੀ ਜਾਵੇ। ਇਸ ਦੇ ਇਲਾਵਾ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਮੋਹਾਲੀ ਵਾਲੇ ਹੋਟਲ ਨੂੰ ਆਈਸੋਲੇਟ ਸੈਂਟਰ ਬਣਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਚਿੱਠੀ 'ਚ ਲਿਖਿਆ ਕਿ ਕੋਰੋਨਾ ਦੇ ਸੰਕਟ 'ਚ ਕਈ ਹਸਤੀਆਂ ਨੇ ਆਪਣੇ ਹੋਟਲ ਅਤੇ ਪ੍ਰੀਮਾਈਸਿਸ ਸਰਕਾਰਾਂ ਨੂੰ ਆਈਸੋਲੇਟ ਸੈਂਟਰ ਬਣਾਉਣ ਲਈ ਦਿੱਤੇ ਹਨ। ਬਾਦਲ ਜੋੜੇ ਨੂੰ ਸੁਝਾਅ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਤੁਹਾਡਾ ਮੋਹਾਲੀ ਵਾਲਾ 'ਸੁੱਖ ਵਿਲਾ ਹੋਟਲ' ਜੋਕਿ ਕਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੋਂ ਤਾਂ ਵੱਡਾ ਹੈ ਹੀ, ਇਸ ਦੇ ਨਾਲ ਹੀ ਉਹ ਸਾਫ-ਸੁਥਰਾ ਅਤੇ ਵਧੀਆ ਵਾਤਾਵਰਣ ਵਿਚ ਹੈ।
ਇਹ ਵੀ ਪੜ੍ਹੋ: 'ਲਵ ਮੈਰਿਜ' ਕਰਨੀ ਕੁੜੀ ਨੂੰ ਪਈ ਮਹਿੰਗੀ, ਪਿਓ ਨੇ ਸਹੁਰੇ ਘਰ ਪਹੁੰਚ ਕੇ ਕੀਤੀ ਇਹ ਵਾਰਦਾਤ
ਉਨ੍ਹਾਂ ਕਿਹਾ ਕਿ ਅੱਜਕਲ੍ਹ ਇਹ ਹੋਟਲ ਖਾਲੀ ਪਿਆ ਹੈ, ਤੁਸੀਂ ਜਾਣਦੇ ਹੋ ਕਿ ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ, ਇਸ ਲਈ ਕ੍ਰਿਪਾ ਕਰਕੇ ਤੁਸੀਂ ਆਪਣੇ ਸੁੱਖ ਵਿਲਾ ਹੋਟਲ ਨੂੰ ਆਈਸੋਲੇਟ ਸੈਂਟਰ ਬਣਾਉਣ ਲਈ ਸਰਕਾਰ ਨੂੰ ਬੇਨਤੀ ਕਰੋ ਤਾਂ ਜੋ ਅਸੀਂ ਮਿਲ ਕੇ ਪੰਜਾਬੀਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕੀਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕੋਰੋਨਾ ਦੇ ਸੰਕਟ 'ਚ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਖਾਤਰ, ਮੇਰੀਆਂ ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰੋਗੇ।
ਇਹ ਵੀ ਪੜ੍ਹੋ: ਰੂਪਨਗਰ 'ਚੋਂ ਇਕ ਹੋਰ 'ਕੋਰੋਨਾ' ਦਾ ਨਵਾਂ ਕੇਸ ਆਇਆ ਸਾਹਮਣੇ, ਗਿਣਤੀ 17 ਤੱਕ ਪੁੱਜੀ