ਸ੍ਰੀ ਮੁਕਤਸਰ ਸਾਹਿਬ ਦੇ ਚਾਰ ਆਈਲੈੱਟਸ ਸੈਂਟਰਾਂ ’ਤੇ ਡਿੱਗੀ ਗਾਜ

Friday, Feb 10, 2023 - 06:29 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਮਲੋਟ ਰੋਡ ’ਤੇ ਸਥਿਤ ਚਾਰ ਆਈਲੈੱਟਸ ਸੈਂਟਰਾਂ ਬੈਟਰ ਚੁਆਇਸ ਇੰਸਟੀਚਿਊਟ, ਕੈਮਬਰਿਜ਼ ਇੰਡੀਆ, ਬ੍ਰਿਟਿਸ਼ ਨੈਵੀਗੇਟਰ ਅਤੇ ਨਿਉ ਗਰੇਅ ਮੈਟਰ ਦੇ ਲਾਇਸੰਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਪ੍ਰੈੱਸ ਦੇ ਮਾਧਿਅਮ ਰਾਹੀਂ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿਚੋਂ ਬੈਟਰ ਚੁਆਇਸ ਅਤੇ ਬ੍ਰਿਟਿਸ਼ ਨੈਵੀਗੇਟਰ ਦੀ ਮਿਆਦ 13 ਨਵੰਬਰ 2022 ਨੂੰ ਖਤਮ ਹੋ ਚੁੱਕੀ ਹੈ ਜਦਕਿ ਕੈਮਬਰਿਜ਼ ਇੰਡੀਆ ਦੀ ਮਿਆਦ 13 ਦਸੰਬਰ 2022 ਅਤੇ ਨਿਊ ਗਰੇਅ ਮੈਟਰ ਦੀ ਮਿਆਦ 16 ਜਨਵਰੀ 2023 ਨੂੰ ਖਤਮ ਹੋ ਚੁੱਕੀ ਹੈ। ਪ੍ਰੰਤੂ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਇਨ੍ਹਾਂ ਲਾਇਸੰਸ ਧਾਰਕਾਂ ਨੇ ਨਾਂ ਤਾਂ ਲਾਇਸੰਸ ਨਵੀਨਕਰਨ ਦੀ ਦਰਖਾਸਤ ਦਿੱਤੀ ਅਤੇ ਨਾ ਹੀ ਆਪਣਾ ਲਾਇਸੰਸ ਸਮਰਪਣ ਕੀਤਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਆਈਲੈਟਸ, ਕੰਸਲਟੈਂਸੀ ਅਤੇ ਟਿਕਟਿੰਗ ਦਾ ਕੰਮ ਕਰਨ ਵਾਲੇ ਏਜੰਟਾਂ ਨੂੰ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਲਾਇਸੰਸ ਜਾਰੀ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਮਿਆਦ ਪੰਜ ਸਾਲ ਹੁੰਦੀ ਹੈ। ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਲਾਇਸੰਸ ਦੀ ਮਿਆਦ ਖਤਮ ਹੋਣ ਤੋਂ ਦੋ ਮਹੀਨੇ ਪਹਿਲਾਂ ਇਸਨੂੰ ਨਵੀਨਕਰਨ ਲਈ ਅਰਜੀ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ ਵਿਖੇ ਜਮ੍ਹਾ ਕਰਵਾਉਣੀ ਲਾਜ਼ਮੀ ਹੁੰਦੀ ਹੈ।

ਉਨ੍ਹਾਂ ਸਬੰਧਤ ਸੈਂਟਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ 18 ਫਰਵਰੀ 2023 ਤੱਕ ਆਪਣਾ ਲਾਇਸੰਸ ਨਵੀਨਕਰਨ ਲਈ ਜ਼ਰੂਰੀ ਦਸਤਾਵੇਜ਼ ਇਸ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾਣ ਜਾਂ ਆਪਣਾ ਲਾਇਸੰਸ ਡੀ.ਸੀ. ਦਫ਼ਤਰ ਵਿਖੇ ਸਮਰਪਣ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਨ੍ਹਾਂ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ਅਤੇ ਇਸਨੂੰ ਦੁਬਾਰਾ ਨਵੀਨੀਕਰਨ ਲਈ ਵਿਚਾਰਿਆ ਨਹੀਂ ਜਾਵੇਗਾ।


Gurminder Singh

Content Editor

Related News