ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਦੇ ਵਿਅਕਤੀ ਨਾਲ ਵਾਪਰੀ ਘਟਨਾ, ਸੀ. ਸੀ. ਟੀ. ਵੀ. ਕੈਮਰੇ ''ਚ ਖੁੱਲ੍ਹਿਆ ਭੇਦ
Monday, Jun 12, 2017 - 07:20 PM (IST)
ਸ੍ਰੀ ਅਨੰਦਪੁਰ ਸਾਹਿਬ (ਬਾਲੀ) : ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਦੇ ਸਮੇਂ ਇਕ ਵਿਅਕਤੀ ਦਾ ਪਰਸ ਚੋਰੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਸਟਰ ਗੋਪਾਲ ਕ੍ਰਿਸ਼ਨ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਕੁਲਗਰਾਂ ਥਾਣਾ ਨੰਗਲ ਨੇ ਦੱਸਿਆ ਕਿ ਉਹ ਬੀਤੇ ਦਿਨ ਪਰਿਵਾਰ ਸਮੇਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ। ਜਦੋਂ ਉਹ ਸ਼ਾਮ 5.20 ਮਿੰਟ ਦੇ ਕਰੀਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਲੱਗੇ ਤਾਂ ਕਾਫੀ ਭੀੜ ਹੋਣ ਕਾਰਨ ਉਸਦਾ ਕਿਸੇ ਨੇ ਪਰਸ ਕੱਢ ਲਿਆ। ਇਸ ਦੌਰਾਨ ਉਸ ਨੇ ਪਿੱਛੇ ਖੜੇ ਇਕ ਨੌਜਵਾਨ 'ਤੇ ਸ਼ੱਕ ਕੀਤਾ। ਜਦੋਂ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਤਾਂ ਜੇਬ 'ਚੋਂ ਪਰਸ ਚੋਰੀ ਕਰਨ ਵਾਲਾ ਇਕ ਛੋਟਾ ਬੱਚਾ ਨਿਕਲਿਆ ਜੋ ਬੜੀ ਤੇਜ਼ੀ ਨਾਲ ਪਰਸ ਲੈ ਕਿ ਹੇਠਾਂ ਵੱਲ ਭੱਜ ਗਿਆ।
ਬੱਚੇ ਨੇ ਇੱਕ ਬਾਂਹ ਤੋਂ ਫਟੀ ਹੋਈ ਚੈੱਕਦਾਰ ਕਮੀਜ਼, ਹਰੇ ਰੰਗ ਦੀ ਨਿੱਕਰ ਪਾਈ ਹੋਈ ਸੀ ਅਤੇ ਸਿਰ ਉੱਪਰ ਰੁਮਾਲ ਬੰਨ੍ਹਿਆ ਹੋਇਆ ਸੀ। ਦੇਖਣ ਤੋਂ ਉਹ ਲੋਕਲ ਜਾਪ ਰਿਹਾ ਸੀ। ਜਦੋਂ ਉਸ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਟਾਫ ਨੂੰ ਉਕਤ ਪਰਸ ਕੱਢਣ ਵਾਲੇ ਬੱਚੇ ਦੀ ਸੀ.ਸੀ.ਟੀ.ਵੀ ਕੈਮਰੇ 'ਚੋਂ ਫੋਟੋ ਖਿੱਚ ਲੈਣ ਲਈ ਕਿਹਾ ਤਾਂ ਉਨ੍ਹਾਂ ਸਾਫ ਇਨਕਾਰ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਦੀ ਇਜਾਜ਼ਤ ਨਹੀਂ ਹੈ। ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਉਕਤ ਬੱਚਾ ਫੜ ਨਹੀਂ ਹੋਇਆ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਟਾਫ ਨੇ ਇਕ ਰਜਿਸਟਰ ਉਪਰ ਪਤਾ ਤੇ ਸਮਾਨ ਦਾ ਵੇਰਵਾ ਨੋਟ ਕਰ ਲਿਆ।
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਅਜਿਹੇ ਸ਼ੱਕੀ ਬੱਚਿਆਂ ਅਤੇ ਵਿਅਕਤੀਆਂ ਉਪਰ ਨਜ਼ਰ ਰੱਖਣੀ ਚਾਹੀਦੀ ਹੈ। ਪੀੜਤ ਨੇ ਦੱਸਿਆ ਮੇਰੇ ਕਾਲੇ ਰੰਗ ਦੇ ਬਟੂਏ ਵਿਚ ਡਰਾਈਵਿੰਗ ਲਾਈਸੈਂਸ, ਮੋਟਰ ਸਾਈਕਲ ਦੀ ਆਰ ਸੀ, ਦੋ ਏ.ਟੀ.ਐਮ ਕਾਰਡ ਅਤੇ ਕਰੀਬ ਸੱਤ ਹਜ਼ਾਰ ਰੁਪਏ ਨਗਦ ਸਨ। ਇਸ ਤੋਂ ਬਾਅਦ ਮੈਂ ਸ੍ਰੀ ਅਨੰਦਪੁਰ ਸਾਹਿਬ ਦੀ ਸਿਟੀ ਚੌਂਕੀ ਵਿਚ ਚੋਰੀ ਦੀ ਰਿਪੋਰਟ ਲਿਖਵਾਉਣ ਗਿਆ ਤਾਂ ਉੱਥੇ ਮੌਜੂਦ ਮੁਨਸ਼ੀ ਨੇ ਇਕ ਡਾਇਰੀ ਉਪਰ ਕੱਚੇ ਤੌਰ 'ਤੇ ਜਿਹੜਾ ਸਮਾਨ ਚੋਰੀ ਹੋਇਆ ਸੀ ਦਾ ਵੇਰਵਾ ਲਿਖ ਲਿਆ ਅਤੇ ਸੁਵਿਧਾ ਕੇਂਦਰ ਜਾ ਕਿ ਦਰਖਾਸਤ ਦੇਣ ਲਈ ਕਿਹਾ ਜਦੋਂ ਮੈਂ ਅਗਲੇ ਦਿਨ ਸੁਵਿਧਾ ਕੇਂਦਰ ਵਿਚ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਪਾਸ ਸਮਾਨ ਗੁੰਮਸ਼ੁਦਗੀ ਦੀ ਰਿਪੋਰਟ ਹੀ ਦਰਜ ਹੋਵੇਗੀ। ਚੋਰੀ ਦੀ ਰਿਪੋਰਟ ਥਾਣੇ ਦਰਜ ਹੋਵੇਗੀ।
ਇਸ ਸਬੰਧੀ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਤਵਾਰ ਵਾਲੇ ਦਿਨ ਸੰਗਤ ਦੀ ਆਮਦ ਜ਼ਿਆਦਾ ਹੁੰਦੀ ਹੈ। ਇਸ ਦੌਰਾਨ ਸੇਵਾਦਾਰਾਂ ਵੱਲੋਂ ਸਾਰਿਆਂ ਉਪਰ ਨਜ਼ਰ ਰੱਖਣੀ ਔਖੀ ਹੈ। ਇਸ ਲਈ ਸਾਡੇ ਵੱਲੋਂ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ। ਜਾਂਚ ਲਈ ਅਸੀ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੇ ਸਕਦੇ ਹਾਂ। ਇਸ ਸਬੰਧੀ ਜਦੋਂ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਐਸ.ਐਚ.ਓ ਹਰਕੀਰਤ ਸਿੰਘ ਸੈਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਇਸ ਸਬੰਧੀ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਲੈ ਕੇ ਬੱਚੇ ਬਾਰੇ ਜਾਂਚ ਕਰਵਾ ਲੈਂਦੇ ਹਨ। ਜੇਕਰ ਬੱਚਾ ਲੋਕਲ ਹੋਇਆ ਤਾਂ ਪੁਲਸ ਉਸ ਨੂੰ ਲੱਭ ਲਵੇਗੀ।
