ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ : 30 ਇੰਜੀਨੀਅਰ ਤੇ 250 ਮਜ਼ਦੂਰ ਤਿੰਨ ਸ਼ਿਫਟਾਂ ''ਚ ਜੁਟੇ

Saturday, Jul 13, 2019 - 01:59 PM (IST)

ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ : 30 ਇੰਜੀਨੀਅਰ ਤੇ 250 ਮਜ਼ਦੂਰ ਤਿੰਨ ਸ਼ਿਫਟਾਂ ''ਚ ਜੁਟੇ

ਚੰਡੀਗੜ੍ਹ (ਰਮਨਜੀਤ) : ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਲਈ ਪੰਜਾਬ ਦੇ ਡੇਰਾ ਬਾਬਾ ਨਾਨਕ 'ਚ ਪੈਸੰਜਰ ਟਰਮੀਨਲ ਕੰਪਲੈਕਸ ਲਈ ਨਿਰਮਾਣ ਕਾਰਜ ਜ਼ੋਰਾਂ 'ਤੇ ਚੱਲ ਰਿਹਾ ਹੈ। ਨਿਰਮਾਣ ਦਾ ਕਾਰਜ ਲੈਂਡ ਪੋਰਟਸ ਅਥਾਰਿਟੀ ਆਫ ਇੰਡੀਆ ਦੀ ਦੇਖਭਾਲ 'ਚ ਕੀਤਾ ਜਾ ਰਿਹਾ ਹੈ। ਕੋਰੀਡੋਰ ਦਾ ਕੰਮ ਨਵੰਬਰ 2019 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ 31 ਅਕਤੂਬਰ ਤੱਕ ਪੂਰਾ ਕਰਨ ਦਾ ਟੀਚਾ ਰੱਖ ਕੇ ਕੀਤਾ ਜਾ ਰਿਹਾ ਹੈ। ਪੈਸੰਜਰ ਟਰਮੀਨਲ ਨੂੰ ਸਮੇਂ 'ਤੇ ਤਿਆਰ ਕਰਨ ਲਈ ਮੌਜੂਦਾ ਸਮੇਂ 'ਚ 250 ਤੋਂ ਜ਼ਿਆਦਾ ਮਜ਼ਦੂਰ ਅਤੇ 30 ਇੰਜੀਨੀਅਰਾਂ ਦੀ ਟੀਮ ਦਿਨ-ਰਾਤ ਦੀਆਂ ਤਿੰਨ ਸ਼ਿਫਟਾਂ 'ਚ ਕੰਮ ਕਰ ਰਹੀ ਹੈ ਤਾਂ ਕਿ ਸਮੇਂ ਤੋਂ ਪਹਿਲਾਂ ਕੰਮ ਪੂਰਾ ਕੀਤਾ ਜਾ ਸਕੇ।

ਗ੍ਰਹਿ ਮੰਤਰਾਲਾ ਦੇ ਸੂਤਰਾਂ ਅਨੁਸਾਰ ਪੂਰੇ ਕੰਪਲੈਕਸ ਲਈ ਨੀਂਹ ਖੋਦਾਈ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਮੁੱਖ ਯਾਤਰੀ ਭਵਨ ਲਈ ਆਰ. ਸੀ. ਸੀ. ਅਤੇ ਪਲਿੰਥ ਆਦਿ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ। ਕੰਮ ਨੂੰ ਸਮੇਂ 'ਤੇ ਪੂਰਾ ਕਰਨ ਦੇ ਮਕਸਦ ਨਾਲ ਹੀ ਵੱਖ-ਵੱਖ ਕੰਮਾਂ ਨੂੰ ਹਿੱਸਿਆਂ 'ਚ ਵੰਡ ਕੇ ਵੱਖ-ਵੱਖ ਥਾਵਾਂ 'ਤੇ ਅੰਜਾਮ ਦਿੱਤਾ ਜਾ ਰਿਹਾ ਹੈ, ਜਿਵੇਂ ਕਿ ਇੰਜੀਨੀਅਰਾਂ ਵੱਲੋਂ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ ਅਤੇ ਸਟੀਲ ਦੀਆਂ ਸੰਰਚਨਾਵਾਂ ਨਜ਼ਦੀਕੀ ਕਾਰਖਾਨਿਆਂ 'ਚ ਤਿਆਰ ਕਰਕੇ ਸਿੱਧੇ ਸਾਈਟ 'ਤੇ ਲਿਜਾਈਆਂ ਜਾਣਗੀਆਂ। ਇਸ ਦੇ ਨਾਲ ਹੀ ਅੰਮ੍ਰਿਤਸਰ 'ਚ ਆਰਕੀਟੈਕਚਰ ਸਕੂਲਾਂ ਨਾਲ ਅਮੀਰ ਪੰਜਾਬੀ ਵਿਰਾਸਤ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਕੰਮਾਂ ਲਈ ਕਲਾ ਭਵਨ ਦੀ ਸਥਿਤੀ ਅਤੇ ਕੰਪਲੈਕਸ ਦੀ ਲੈਂਡ-ਸਕੇਪਿੰਗ ਲਈ ਸੰਪਰਕ ਕੀਤਾ ਗਿਆ ਹੈ।


author

Anuradha

Content Editor

Related News