ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਸਬੰਧੀ ਭਾਰਤ-ਪਾਕਿ ਮੀਟਿੰਗ ਰੱਦ
Tuesday, Apr 02, 2019 - 04:33 PM (IST)

ਅੰਮ੍ਰਿਤਸਰ (ਨੀਰਜ) : ਅਟਾਰੀ-ਵਾਹਗਾ ਬਾਰਡਰ 'ਤੇ ਭਾਰਤ ਅਤੇ ਪਾਕਿਸਤਾਨ ਵਿਚ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਮਾਮਲੇ ਸਬੰਧੀ 2 ਅਪ੍ਰੈਲ ਨੂੰ ਹੋਣ ਵਾਲੀ ਬੈਠਕ ਫਿਲਹਾਲ ਰੱਦ ਕਰ ਦਿੱਤੀ ਗਈ ਹੈ। ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਇਸ ਬੈਠਕ ਸਬੰਧੀ ਅਧਿਕਾਰੀਆਂ ਨੂੰ ਸੋਮਵਾਰ ਸ਼ਾਮ ਤੱਕ ਕੋਈ ਨਿਰਦੇਸ਼ ਨਹੀਂ ਮਿਲੇ ਸਨ। ਜਾਣਕਾਰੀ ਅਨੁਸਾਰ ਪਾਕਿਸਤਾਨੀ ਵਫਦ ਦੇ ਪੈਨਲ ਵਿਚ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਅਤੇ ਮਨਿੰਦਰ ਸਿੰਘ ਦੀ ਹਾਜ਼ਰੀ ਹੋਣ ਕਾਰਨ ਭਾਰਤ ਸਰਕਾਰ ਨੇ ਇਹ ਫੈਸਲਾ ਕੀਤਾ ਹੈ। ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਮਾਮਲੇ ਵਿਚ ਖਾਲਿਸਤਾਨ ਦਾ ਪ੍ਰਚਾਰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗ।
ਦੱਸ ਦਈਏ ਕਿ ਭਾਰਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਤਲੱਬ ਕੀਤਾ ਅਤੇ ਕਰਤਾਰਪੁਰ ਗਲਿਆਰੇ 'ਤੇ ਪਾਕਿਸਤਾਨ ਵਲੋਂ ਨਿਯੁਕਤ ਕਮੇਟੀ 'ਚ ਕਈ ਖਾਲਿਸਤਾਨੀ ਵੱਖਵਾਦੀਆਂ ਦੀ ਮੌਜੂਦਗੀ 'ਤੇ ਚਿੰਤਾ ਜ਼ਾਹਰ ਕੀਤੀ। ਸੂਤਰਾਂ ਮੁਤਾਬਕ ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ ਨੂੰ ਇਹ ਵੀ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਗਲਿਆਰੇ 'ਤੇ ਤੌਰ ਤਰੀਕਿਆਂ ਬਾਰੇ ਚਰਚਾ ਲਈ ਅਟਾਰੀ 'ਚ ਪਿਛਲੀ ਬੈਠਕ 'ਚ ਨਵੀਂ ਦਿੱਲੀ ਵਲੋਂ ਪੇਸ਼ ਕੀਤੇ ਗਏ ਅਹਿਮ ਪ੍ਰਸਤਾਵਾਂ 'ਤੇ ਆਪਣੇ ਦੇਸ਼ ਦਾ ਰੁਖ ਸਪੱਸ਼ਟ ਕਰਨ।