ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਕੇ 1301 ਸ਼ਰਧਾਲੂਆਂ ਦਾ ਜਥਾ ਵਾਪਸ ਵਤਨ ਪਰਤਿਆ

12/28/2019 11:41:39 AM

ਮੱਲ੍ਹੀਆਂ ਕਲਾਂ (ਟੁੱਟ) : 18 ਸਾਲਾਂ ਤੋਂ ਲਗਾਤਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲ੍ਹਵਾਉਣ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਜੋ ਵਾਹਿਗੁਰੂ ਨੂੰ ਮਨਜ਼ੂਰ ਹੋਈਆਂ ਅਤੇ ਇਹ ਲਾਂਘਾ ਖੁੱਲ੍ਹ ਗਿਆ। ਪੋਹ ਮਹੀਨੇ ਦੀ ਕੜਾਕੇ ਦੀ ਪੈ ਰਹੀ ਠੰਡ ਮੌਕੇ ਮੱਸਿਆ ਦੇ ਪਵਿੱਤਰ ਦਿਹਾੜੇ 'ਤੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਅਹੁਦੇਦਾਰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਰਾਹੀਂ 1301 ਸ਼ਰਧਾਲੂਆਂ ਦੇ ਜਥੇ ਸਮੇਤ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਏ।

ਜਥੇ ਦੀ ਅਗਵਾਈ ਮਰਹੂਮ ਜਥੇ. ਕੁਲਦੀਪ ਸਿੰਘ ਵਡਾਲਾ ਦੇ ਸਪੁੱਤਰ ਹਲਕਾ ਵਿਧਾਇਕ ਨਕੋਦਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਵਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਵਾਉਣ ਲਈ ਸਵਰਗੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿਚ 14 ਅਪ੍ਰੈਲ 2001 ਵਿਚ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦਾ ਗਠਨ ਹੋਇਆ ਤੇ ਹਰ ਮਹੀਨੇ ਮੱਸਿਆ ਦੇ ਦਿਹਾੜੇ 'ਤੇ ਲਾਂਘੇ ਲਈ ਅਰਦਾਸਾਂ ਕੀਤੀਆਂ ਗਈਆਂ। ਇਸ ਲਾਂਘੇ ਲਈ 226 ਅਰਦਾਸਾਂ ਕੀਤੀਆਂ ਗਈਆਂ ਤੇ ਆਖ਼ਰੀ ਅਰਦਾਸ 18 ਅਕਤੂਬਰ 2019 ਨੂੰ ਕੀਤੀ ਗਈ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਦੇ ਯਤਨਾਂ ਸਦਕਾ 9 ਨਵੰਬਰ ਨੂੰ ਇਹ ਲਾਂਘਾ ਖੋਲ੍ਹ ਦਿੱਤਾ ਗਿਆ। ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਇਹ ਜਥਾ ਗੁਰਦੁਆਰਾ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰ ਕੇ ਵਾਪਸ ਪੁੱਜਾ ਹੈ। ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਜਥੇ ਦੀਆਂ ਸੰਗਤਾਂ ਆਪਣੇ ਆਪ ਨੂੰ ਵਡਭਾਗੀ ਸਮਝ ਰਹੀਆਂ ਹਨ ਅਤੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਚਿਰਾਂ ਤੋਂ ਵਿਛੜੇ ਗੁਰੂ ਘਰ ਵਿਚ ਨਤਮਸਤਕ ਹੋ ਕੇ ਸੰਗਤਾਂ ਬਾਗੋਬਾਗ ਹੋ ਗਈਆਂ ਹਨ। ਇਸ ਮੌਕੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਤੋਂ ਇਲਾਵਾ ਸਰਕਲ ਪ੍ਰਧਾਨ ਜਥੇਦਾਰ ਲਸ਼ਕਰ ਸਿੰਘ, ਜਗਜੀਤ ਸਿੰਘ ਸੰਮੀਪੁਰ, ਸੁਖਵਿੰਦਰ ਸਿੰਘ ਮੱਲ੍ਹੀ ਸਾਬਕਾ ਸਰਪੰਚ, ਲਹਿੰਬਰ ਸਿੰਘ ਸ਼ਾਹ, ਜਥੇਦਾਰ ਗੁਰਦੇਵ ਸਿੰਘ ਨਿੱਜਰ, ਅਮਰਜੀਤ ਸਿੰਘ ਨਿੱਝਰ, ਮੰਗਜੀਤ ਸਿੰਘ ਮੰਗਾ, ਜਗਜੀਤ ਸਿੰਘ ਜੱਗੀ, ਹਰਿੰਦਰ ਸਿੰਘ ਖ਼ਾਲਸਾ, ਜਸਵੀਰ ਸਿੰਘ , ਜਤਿੰਦਰਜੀਤ ਤੋਂ ਇਲਾਵਾ ਹੋਰ ਵੀ ਨਾਮਲੇਵਾ ਸੰਗਤਾਂ ਜਥੇ ਵਿਚ ਸ਼ਾਮਲ ਹੋਈਆਂ।


Baljeet Kaur

Content Editor

Related News