ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਦੀ ਮੰਗ
Wednesday, Oct 14, 2020 - 06:19 PM (IST)
ਸੁਲਤਾਨਪੁਰ ਲੋਧੀ (ਸੋਢੀ) : ਕੋਰੋਨਾ ਕਾਰਣ ਬੰਦ ਕੀਤਾ ਗਿਆ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਫਿਰ ਤੋਂ ਖੋਲ੍ਹੇ ਜਾਣ ਦੀ ਮੰਗ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਹੁਣ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੋਸਾਇਟੀ ਦੇ ਸੀਨੀ. ਮੀਤ ਪ੍ਰਧਾਨ ਜਥੇ. ਭੁਪਿੰਦਰ ਸਿੰਘ ਖਾਲਸਾ, ਰਾਜਿੰਦਰ ਸਿੰਘ ਢੀਂਗਰਾ ਸੈਕਟਰੀ, ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਸੂਰਤ ਸਿੰਘ ਮਿਰਜਾਪੁਰ ਅਤੇ ਧਰਮ ਪ੍ਰਚਾਰ ਕਮੇਟੀ ਸੁਲਤਾਨਪੁਰ ਲੋਧੀ ਦੇ ਸਾਬਕਾ ਪ੍ਰਧਾਨ ਜਥੇ. ਅਵਤਾਰ ਸਿੰਘ ਫੌਜੀ ਆਦਿ ਗੁਰਸਿੱਖ ਆਗੂਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਪਾਕਿਸਤਾਨ 'ਚ ਸੁਸ਼ੋਬਿਤ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਪਾਵਨ ਅਸਥਾਨ ਗੁ. ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹ ਦਿੱਤਾ ਜਾਵੇ ਤਾਂ ਜੋ ਸ਼ਰਧਾਲੂ ਸੰਗਤਾਂ ਆਪਣੇ ਗੁਰੂ ਜੀ ਦੀ ਮੁਬਾਰਕ ਧਰਤੀ ਦੇ ਦਰਸ਼ਨ ਕਰ ਸਕਣ।
ਭਾਈ ਭੁਪਿੰਦਰ ਸਿੰਘ ਖਾਲਸਾ ਤੇ ਹੋਰਨਾਂ ਕਿਹਾ ਕਿ ਕੋਰੋਨਾ ਬੀਮਾਰੀ ਕਾਰਣ ਭਾਰਤ ਸਰਕਾਰ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਵਲੋਂ ਵੀ ਹਰ ਤਰ੍ਹਾਂ ਦੇ ਗੁਰਧਾਮ ਸੰਗਤਾਂ ਲਈ ਦਰਸ਼ਨਾਂ ਵਾਸਤੇ ਖੋਲ੍ਹ ਦਿੱਤੇ ਗਏ ਹਨ, ਇਸ ਲਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਦਰਸ਼ਨਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਿਆ ਜਾਵੇ। ਜਦੋਂ ਮੱਕਾ-ਮਦੀਨਾ ਤੋਂ ਇਲਾਵਾ ਭਾਰਤ 'ਚ ਵੀ ਹਰ ਧਰਮ ਨਾਲ ਸਬੰਧਤ ਗੁਰਧਾਮ ਖੋਲ੍ਹ ਦਿੱਤੇ ਗਏ ਹਨ ਤਾਂ ਭਾਰਤ ਸਰਕਾਰ ਨੂੰ ਵੀ ਪਹਿਲ ਕਰਦਿਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ।