ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫਬਾਰੀ
Sunday, Jan 20, 2019 - 07:10 PM (IST)

ਚੰਡੀਗੜ੍ਹ : ਉੱਤਰਾਖੰਡ ਵਿਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਗੁਰਦੁਆਰਾ ਗੋਬਿੰਦਧਾਮ ਵਿਖੇ ਭਾਰੀ ਬਰਫਬਾਰੀ ਦਰਜ ਕੀਤੀ ਗਈ ਹੈ। ਅੰਦਾਜ਼ੇ ਮੁਤਾਬਕ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਚਾਰ ਤੋਂ ਪੰਜ ਫੁੱਟ ਤਕ ਬਰਫ਼ ਅਤੇ ਗੁਰਦੁਆਰਾ ਗੋਬਿੰਦਧਾਮ ਵਿਖੇ ਢਾਈ ਫੁੱਟ ਤਕ ਬਰਫ਼ ਇਕੱਠੀ ਹੋ ਗਈ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰਸੱਟ ਹੇਠ ਆਉਂਦੇ ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਕਾਫੀ ਖ਼ਰਾਬ ਚੱਲ ਰਿਹਾ ਹੈ ਅਤੇ ਉਪਰੀ ਪਹਾੜੀ ਇਲਾਕਿਆਂ ਵਿਚ ਵੀ ਭਾਰੀ ਬਰਫ਼ਬਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗੋਬਿੰਦਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਤਕ ਛੇ ਕਿਲੋਮੀਟਰ ਰਸਤੇ ਵਾਲਾ ਇਲਾਕਾ ਬਰਫ ਪੈਣ ਨਾਲ ਚਿੱਟੀ ਚਾਦਰ ਵਾਂਗ ਢਕਿਆ ਗਿਆ ਹੈ।
ਸੇਵਾ ਸਿੰਘ ਨੇ ਦੱਸਿਆ ਕਿ ਅਜਿਹੀ ਸਥਿਤੀ ਵਿਚ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜਣਾ ਅਸੰਭਵ ਹੈ ਪਰ ਅਨੁਮਾਨ ਹੈ ਕਿ ਉਥੇ ਵੀ ਚਾਰ ਤੋਂ ਪੰਜ ਫੁਟ ਤਕ ਬਰਫ ਪੈ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਤੋਂ ਦੋ ਕਿਲੋਮੀਟਰ ਹੇਠਾਂ ਰਾਮ ਡੂੰਘੀ ਗਲੇਸ਼ੀਅਰ ਤਕ ਦੋ-ਦੋ ਫੁੱਟ ਬਰਫ ਪੈ ਗਈ ਹੈ ਜਦਕਿ ਗੁਰਦੁਆਰਾ ਗੋਬਿੰਦਘਾਟ ਵਿਖੇ ਵੀ ਪਈ ਬਰਫ਼ ਪਿਘਲਣ ਮਗਰੋਂ ਸਥਿਤੀ ਆਮ ਵਾਂਗ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਅਕਤੂਬਰ ਮਹੀਨੇ 'ਚ ਸਾਲਾਨਾ ਯਾਤਰਾ ਦੀ ਸਮਾਪਤੀ ਮਗਰੋਂ ਕਿਵਾੜ ਬੰਦ ਕਰ ਦਿੱਤੇ ਗਏ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁੱਖ ਆਸਨ ਵਾਲੇ ਸਥਾਨ 'ਤੇ ਸੁਸ਼ੋਭਿਤ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਨਵੰਬਰ ਤੇ ਦਸੰਬਰ ਮਹੀਨੇ ਵਿਚ ਗੁਰਦੁਆਰਾ ਗੋਬਿੰਦਧਾਮ ਦੇ ਕਿਵਾੜ ਵੀ ਬੰਦ ਕਰ ਦਿੱਤੇ ਗਏ ਸਨ। ਹੁਣ ਦੋਵਾਂ ਥਾਵਾਂ 'ਤੇ ਪ੍ਰਕਾਸ਼ ਨਹੀਂ ਹੈ ਜਦਕਿ ਗੁਰਦੁਆਰਾ ਗੋਬਿੰਦਘਾਟ ਵਿਖੇ ਨਿਰੰਤਰ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਟਰਸੱਟ ਅਧਿਕਾਰੀ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਇਨ੍ਹਾਂ ਦਿਨਾਂ ਵਿਚ ਮੁੜ ਬਰਫਬਾਰੀ ਹੋਣ ਅਤੇ ਮੌਸਮ ਖ਼ਰਾਬ ਰਹਿਣ ਬਾਰੇ ਸੂਚਨਾ ਦਿੱਤੀ ਗਈ ਹੈ।