ਸ੍ਰੀ ਹਜੂਰ ਸਾਹਿਬ ਤੋਂ ਵਾਪਸ ਪਰਤਣ ਵਾਲਿਆਂ ਨੂੰ ਕੁਆਰੰਟਾਈਨ ''ਚ ਰੱਖਿਆ ਜਾਵੇਗਾ
Tuesday, Apr 28, 2020 - 08:50 PM (IST)
ਮੋਹਾਲੀ (ਪਰਦੀਪ) : ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤ ਰਹੇ ਬਿਨ੍ਹਾਂ ਲੱਛਣਾਂ ਵਾਲੇ 5 ਵਿਅਕਤੀਆਂ ਦੇ ਤਰਨਤਾਰਨ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਅਹਿਮ ਫੈਸਲਾ ਲਿਆ ਗਿਆ ਹੈ। ਇਸ ਦੇ ਮੱਦੇਨਜ਼ਰ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਉਣ ਵਾਲੇ ਸਾਰੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੀਆਂ ਕੁਆਰੰਟੀਨ ਸੰਸਥਾਨਾਂ 'ਚ ਰੱਖਿਆ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਨ੍ਹਾਂ ਸਾਰੇ ਵਿਅਕਤੀਆਂ ਦੇ ਨਮੂਨੇ ਕੁਆਰੰਟੀਨ ਸੰਸਥਾਨ 'ਚ ਇਕੱਤਰ ਕੀਤੇ ਜਾਣਗੇ ਅਤੇ ਕੋਰੋਨਾ ਵਾਇਰਸ ਲਈ ਟੈਸਟ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੀ ਬਜਾਏ ਇਨ੍ਹਾਂ ਵਿਅਕਤੀਆਂ ਦਾ ਪੀ. ਸੀ. ਆਰ. ਦੁਬਾਰਾ ਟੈਸਟ ਕੀਤਾ ਜਾਵੇਗਾ ਅਤੇ ਜੇਕਰ ਉਹ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੂਬੇ ਦੀ ਕੁਆਰੰਟੀਨ ਸਹੂਲਤ 'ਚ ਅਲੱਗ ਰੱਖਿਆ ਜਾਵੇਗਾ ਅਤੇ ਜੇਕਰ ਇਹ ਨੈਗੇਟਿਵ ਪਾਏ ਗਏ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਘਰ 'ਚ ਕੁਆਰੰਟੀਨ ਕੀਤਾ ਜਾਵੇਗਾ।