ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੜ ਲੱਗੀ ਰੌਣਕ, ਦਰਸ਼ਨਾਂ ਲਈ ਉਮੜਿਆ ਸੰਗਤਾਂ ਦਾ ਸੈਲਾਬ (ਤਸਵੀਰਾਂ)
Tuesday, Mar 31, 2020 - 10:24 AM (IST)
 
            
            ਅੰਮ੍ਰਿਤਸਰ (ਅਨਜਾਣ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਫਿਊ ਤੋਂ ਬਾਅਦ ਇਕ ਵਾਰ ਫਿਰ ਤੋਂ ਰੌਣਕ ਲੱਗਦੀ ਨਜ਼ਰ ਆ ਰਹੀ ਹੈ। ਗੁਰਗੁਆਰਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਸੰਗਤਾਂ ਦੀਆਂ ਲੰਬੀਆਂ ਲਾਈਨਾਂ ਦਰਸ਼ਨੀ ਡਿਓਢੀ ਦੇ ਬਾਹਰ ਤੱਕ ਲੱਗੀਆਂ ਨਜ਼ਰ ਆਈਆਂ। ਅੰਮ੍ਰਿਤ ਵੇਲੇ ਆਰੰਭ ਹੋਈ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਉਪਰੰਤ ਸੰਗਤਾਂ ਨੇ ਦਰਸ਼ਨ ਦੀਦਾਰੇ ਕੀਤੇ, ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਅਤੇ ਸੇਵਾ ਵੀ ਕੀਤੀ।

ਪੜ੍ਹੋ ਇਹ ਵੀ ਖਬਰ - ਸਰਕਾਰ ਦੀ ਇਕ ਗਲਤੀ ਵਾਇਰਸ ਨੂੰ ‘ਐਟਮ ਬੰਬ’ ਦੀ ਤਰ੍ਹਾਂ ਫੈਲਾਅ ਸਕਦੀ ਹੈ ਪੰਜਾਬ ’ਚ
ਪੜ੍ਹੋ ਇਹ ਵੀ ਖਬਰ - ਕੀ ਕੋਰੋਨਾ ਕਾਰਣ ਲੱਗੇ ਕਰਫਿਊ ਨਾਲ ਕਿਸਾਨਾਂ ’ਤੇ ਪਏ ਕਰਜ਼ੇ ਦੇ ਬੋਝ ਨੂੰ ਮੋਢਾ ਦੇਵੇਗੀ ਸਰਕਾਰ?
ਸ੍ਰੀ ਦਰਬਾਰ ਸਾਹਿਬ ਤੇ ਗੁ.ਸ਼ਹੀਦ ਗੰਜ ਸਾਹਿਬ ਵਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਭੇਜਿਆ ਗਿਆ ਲੰਗਰ
ਗੁਰੂ ਰਾਮਦਾਸ ਲੰਗਰ ਦੇ ਮੈਨੇਜਰ ਜਸਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਦੇ ਬਾਹਰ ਲੰਗਰ ਲੈਣ ਆਈਆਂ ਸੰਗਤਾਂ ਦੀ ਭੀੜ ਇਕੱਠੀ ਹੋ ਜਾਣ ਕਾਰਣ ਸ਼੍ਰੋਮਣੀ ਕਮੇਟੀ ਸਟਾਫ਼ ਅਤੇ ਪੁਲਸ ਪ੍ਰਸ਼ਾਸਨ ਵਲੋਂ ਕੰਟਰੋਲ ਕਰਨਾ ਮੁਸ਼ਕਲ ਹੋ ਗਿਆ ਸੀ। ਇਸ ਲਈ ਅਹਿਤਿਆਤ ਵਜੋਂ ਗੁਰੂ ਰਾਮਦਾਸ ਲੰਗਰ ਹਾਲ ਵਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਲੰਗਰ ਤਿਆਰ ਕਰਕੇ ਭੇਜਿਆ ਗਿਆ ਤਾਂ ਜੋ ਉਨ੍ਹਾਂ ਦੇ ਨੇੜੇ-ਤੇੜੇ ਰਹਿਣ ਵਾਲੀਆਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਆ ਕੇ ਲੰਗਰ ਛਕ ਸਕਣ।

ਜਸਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਗੁਰਦੁਆਰਾ ਸਾਹਿਬਾਨ ਅਤੇ ਕਮਿਊਨਿਟੀ ਹਾਲਾਂ ਵਿਚ ਸ਼ਾਮਲ ਨਾਵਾਂ ਵਿਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਮਾਲ ਮੰਡੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੌੜਾ ਫਾਟਕ, ਗੁਰਦੁਆਰਾ ਸ੍ਰੀ ਪਿੱਪਲੀ ਸਾਹਿਬ ਪੁਤਲੀਘਰ, ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ, ਸ਼ਹੀਦ ਊਧਮ ਸਿੰਘ ਹਾਲ ਭਗਤਾਂਵਾਲਾ, ਗੁਰਦੁਆਰਾ ਖੂਹ ਭਾਈ ਮੰਝ ਸਾਹਿਬ, ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ, ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਅਤੇ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਲੰਗਰ ਭੇਜਿਆ ਗਿਆ ਹੈ। ਅੰਮ੍ਰਿਤ ਵੇਲੇ ਲੰਗਰ ਹਾਲ ਦੇ ਬਾਹਰ ਸੰਗਤਾਂ ਲਈ ਰੋਜ਼ਾਨਾ ਦੀ ਤਰ੍ਹਾਂ ਚਾਹ ਦਾ ਲੰਗਰ ਵੀ ਲਗਾਇਆ ਗਿਆ।
ਪੜ੍ਹੋ ਇਹ ਵੀ ਖਬਰ - 700 ਪਰਿਵਾਰਾਂ ਨੂੰ ਪਾਲ ਰਿਹਾ ਪੰਜਾਬ ਦਾ ਇਹ ਪ੍ਰਵਾਸੀ ਸਰਪੰਚ, ਕੀਤੀ ਮਿਸਾਲ ਕਾਇਮ (ਵੀਡੀਓ)

ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਕੋਰੋਨਾ ਵਾਇਰਸ ਦੇ ਸ਼ੱਕ ’ਚ ਹਸਪਤਾਲ ਦਾਖਲ
ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਸਾਬਕਾ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਜੋ ਪਿਛਲੇ ਦਿਨੀਂ ਵਿਦੇਸ਼ ਵਿਚ ਕੀਰਤਨ ਦੀਆਂ ਸੇਵਾਵਾਂ ਨਿਭਾਅ ਕੇ ਆਏ ਸਨ, ਕੋਰੋਨਾ ਵਾਇਰਸ ਦੇ ਸ਼ੱਕ ’ਚ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਹੋ ਗਏ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਦੀ ਤਬੀਅਤ ਖਰਾਬ ਸੀ ਤੇ ਉਨ੍ਹਾਂ ਆਪ ਹੀ ਫੋਨ ਕਰਕੇ ਹਸਪਤਾਲ ਦਾਖਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਸੀ। ਜ਼ਿਕਰਯੋਗ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਇਸ ਸਮੇਂ ਦੇ ਪ੍ਰਸਿੱਧ ਕੀਰਤਨੀਏ ਹਨ ਤੇ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।


 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            