ਬਹੁਤ ਦਿਨਾਂ ਬਾਅਦ ਤਿੰਨ ਪਹਿਰੇ ਦੀਆਂ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਕੀਤੀ ਸੇਵਾ
Saturday, May 09, 2020 - 11:59 AM (IST)
ਅੰਮ੍ਰਿਤਸਰ (ਅਨਜਾਣ) : ਅੰਮ੍ਰਿਤਸਰ 'ਚ ਵੱਡੀ ਗਿਣਤੀ 'ਚ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਅਤੇ ਸੇਵਾ ਵਾਲੀਆਂ ਸੰਗਤਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪੁਲਸ ਪ੍ਰਸ਼ਾਸਨ ਵੱਲੋਂ ਇਹਤਿਆਤ ਵਰਤਦਿਆਂ ਕਈ ਦਿਨ ਤਿੰਨ ਪਹਿਰੇ ਦੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਨਹੀਂ ਸੀ ਜਾਣ ਦਿੱਤਾ ਗਿਆ। ਦੁਬਾਰਾ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਪਾਸੋਂ ਘੱਟ ਗਿਣਤੀ 'ਚ ਸੇਵਾ ਦੀ ਲਿਸਟ ਪ੍ਰਾਪਤ ਕਰ ਕੇ ਅੱਜ ਬਹੁਤ ਥੋੜੀ ਗਿਣਤੀ 'ਚ ਤਿੰਨ ਪਹਿਰੇ ਦੀਆਂ ਸੰਗਤਾਂ ਨੂੰ ਅੰਦਰ ਜਾਣ ਦਿੱਤਾ ਗਿਆ। ਬਾਕੀ ਦਰਸ਼ਨ ਕਰਨ ਵਾਲੀਆਂ ਸੰਗਤਾਂ ਕਈ-ਕਈ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਬਾਹਰੋਂ ਦਰਸ਼ਨ ਕਰ ਕੇ ਹੀ ਮੁੜਦੀਆਂ ਦੇਖੀਆਂ ਗਈਆਂ।
ਸ੍ਰੀ ਹਰਿਮੰਦਰ ਸਾਹਿਬ ਅੰਦਰ ਵੀ ਸੇਵਾ ਵਾਲੀਆਂ ਸੰਗਤਾਂ ਕੋਈ ਪ੍ਰੀਕਰਮਾ 'ਚ ਅਤੇ ਕੋਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਚਰਨਾਂ ਵਿਚ ਜਗਤ ਜਲੰਦੇ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਅਰਦਾਸਾਂ ਕਰਦੀਆਂ ਅਤੇ ਸੱਚਖੰਡ ਦੇ ਰੋਜ਼ਾਨਾ ਦਰਸ਼ਨ ਦੀਦਾਰਿਆਂ ਲਈ ਲੋਚਦੀਆਂ ਦਿਖਾਈ ਦਿੱਤੀਆਂ। ਇਕਾ-ਦੁੱਕਾ ਜੋ ਤਿੰਨ ਪਹਿਰੇ ਦੀਆਂ ਸੰਗਤਾਂ ਸੱਚਖੰਡ ਪੁੱਜੀਆਂ ਉਨ੍ਹਾਂ ਡਿਊਟੀ ਕਰਮਚਾਰੀਆਂ ਨਾਲ ਮਿਲ ਕੇ ਮਰਿਆਦਾ ਸੰਭਾਲੀ ਅਤੇ ਵੱਖ-ਵੱਖ ਅਸਥਾਨਾਂ 'ਤੇ ਸੇਵਾ ਕੀਤੀ। ਰਾਗੀ ਜਥਿਆਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਧੁਰ ਕੀ ਬਾਣੀ ਦੇ ਬੇਨਤੀ ਰੂਪੀ ਸ਼ਬਦ ਪੜਦਿਆਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਗੂੰਜਿਆ ਚੜ੍ਹਦੀਕਲਾ ਦਾ ਨਗਾਰਾ
ਸਿੱਖਾਂ ਦੇ ਸਰਵਉੱਚ ਪਾਵਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ੍ਰੀ ਆਸਾਂ ਜੀ ਦੀ ਵਾਰ ਦੇ ਕੀਰਤਨ ਦੇ ਭੋਗ ਉਪਰੰਤ ਸਮੁੱਚੇ ਵਿਸ਼ਵ ਨੂੰ ਕੋਰੋਨਾ ਦੀ ਇਸ ਮਹਾਮਾਰੀ ਤੋਂ ਨਿਜਾਤ ਦਿਵਾਉਣ ਲਈ ਅਰਦਾਸ ਕੀਤੀ ਗਈ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ਨਗਾਰੇ ਦੀ ਗੂੰਜ ਸੁਣਾਈ ਦਿੱਤੀ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ ਅਤੇ ਗ੍ਰੰਥੀ ਸਿੰਘ ਵੱਲੋਂ ਪਾਵਨ ਹੁਕਮਨਾਮਾ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ।