ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਲੱਗਣਾ ਪਵੇਗਾ ਲੰਬੀ ਲਾਈਨ ''ਚ

03/27/2019 2:35:30 PM

ਅੰਮ੍ਰਿਤਸਰ (ਅਣਜਾਣ) : ਪ੍ਰਬੰਧਾਂ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਾਸ ਵਿਉਂਤਬੰਦੀ ਕੀਤੀ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ 'ਚ ਛੋਟੇ ਬੱਚਿਆਂ ਵਾਲੀਆਂ ਬੀਬੀਆਂ, ਬਜ਼ੁਰਗ, ਅਪਾਹਜ ਅਤੇ ਵੀ. ਆਈ. ਪੀਜ਼, ਜੋ ਗੁਰਦੁਆਰਾ ਲਾਚੀ ਬੇਰ ਵਾਲੇ ਪਾਸਿਓਂ ਆਸਾਨੀ ਨਾਲ 10 ਮਿੰਟਾਂ 'ਚ ਦਰਸ਼ਨ ਕਰ ਸਕਦੇ ਸਨ, ਹੁਣ ਸੰਗਤਾਂ ਦੀ ਆਮਦ ਮੁਤਾਬਿਕ ਅੱਧੇ ਘੰਟੇ ਤੋਂ ਲੈ ਕੇ ਇਕ ਘੰਟਾ ਵੀ ਲੱਗ ਸਕਦਾ ਹੈ। ਬਾਕੀ ਸੰਗਤਾਂ ਭੀੜਭਾੜ ਵਾਲੇ ਦਿਨਾਂ 'ਚ ਇਕ ਤੋਂ ਡੇਢ-ਦੋ ਘੰਟੇ ਤੱਕ ਦਰਸ਼ਨ ਕਰ ਸਕਦੀਆਂ ਹਨ। ਲਾਚੀ ਬੇਰ ਵਾਲੇ ਪਾਸਿਓਂ ਸਿਰਫ਼ ਅਪੰਗ ਵਿਅਕਤੀ ਉਹ ਵੀ ਜਿਹੜੇ ਬਿਲਕੁਲ ਚੱਲ ਨਹੀਂ ਸਕਦੇ ਅਤੇ ਵ੍ਹੀਲਚੇਅਰ 'ਤੇ ਹਨ, ਜਾ ਸਕਣਗੇ।

ਜ਼ਿਕਰਯੋਗ ਹੈ ਕਿ ਪ੍ਰਬੰਧ ਦੀ ਗੜਬੜੀ ਅਤੇ ਮਨਮਾਨੀਆਂ ਕਾਰਨ ਇਹ ਸਖ਼ਤੀ ਕੀਤੀ ਗਈ ਹੈ ਅਤੇ ਹੁਣ ਬੱਚਿਆਂ ਵਾਲੀਆਂ ਬੀਬੀਆਂ, ਬਜ਼ੁਰਗਾਂ ਤੇ ਵੀ. ਆਈ. ਪੀਜ਼ ਨੂੰ ਮੁੱਖ ਦੁਆਰ ਤੋਂ ਸੈਂਟਰ ਵਾਲੀ ਲਾਈਨ ਜੰਗਲੇ 'ਚ ਦੀ ਤੇ ਚੌਬਦਾਰ ਵਾਲੇ ਪਾਸਿਓਂ ਲੰਘਣਾ ਪਵੇਗਾ ਅਤੇ ਬਾਕੀ ਸੰਗਤਾਂ ਖੱਬੇ ਹੱਥ ਵਾਲੇ ਪ੍ਰਵੇਸ਼ ਦੁਆਰ ਤੋਂ ਲੰਘਣਗੀਆਂ। ਸਖ਼ਤੀ ਕਾਰਨ ਕਿਸੇ ਪੱਤਰਕਾਰ ਨੂੰ ਵੀ ਸੋਨੇ ਦੀ ਚੱਲ ਰਹੀ ਸੇਵਾ ਦੀ ਕਵਰੇਜ ਲਈ ਅੰਦਰ ਨਹੀਂ ਜਾਣ ਦਿੱਤਾ ਗਿਆ।

ਸੰਗਤਾਂ 'ਚ ਪਾਇਆ ਜਾ ਰਿਹਾ ਰੋਸ 
ਸੰਗਤਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਲਾਚੀ ਬੇਰ ਵਾਲੇ ਪਾਸਿਓਂ ਦਰਸ਼ਨ ਕਰਨ 'ਚ ਸਿਰਫ਼ 10-15 ਮਿੰਟ ਲੱਗਦੇ ਸਨ ਪਰ ਹੁਣ ਛੋਟੇ-ਛੋਟੇ ਬੱਚਿਆਂ ਨਾਲ ਗਰਮੀ ਦੇ ਦਿਨਾਂ 'ਚ ਭਾਵੇਂ ਅਜੇ ਖੁੱਲ੍ਹ ਕੇ ਗਰਮੀ ਨਹੀਂ ਪਈ ਪਰ ਘਬਰਾਹਟ ਹੁੰਦੀ ਹੈ ਅਤੇ ਬੱਚੇ ਵੀ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਕਰਦੇ। ਬਜ਼ੁਰਗਾਂ ਨੇ ਕਿਹਾ ਕਿ ਅੱਗੇ ਹੀ ਖੜ੍ਹੇ ਨਹੀਂ ਹੋਇਆ ਜਾਂਦਾ, ਹੁਣ ਤਾਂ ਪਤਾ ਨਹੀਂ ਕਿਸ ਤਰ੍ਹਾਂ ਦਰਸ਼ਨ-ਦੀਦਾਰੇ ਕਰਾਂਗੇ। ਬਾਹਰੋਂ ਆਏ ਕੁਝ ਵੀ. ਆਈ. ਪੀਜ਼ 'ਚੋਂ ਦਰਸ਼ਨ ਕਰ ਕੇ ਬਾਹਰ ਆਉਂਦਿਆਂ ਕਿਸੇ ਨੇ ਫਲਾਈਟ ਲੰਘ ਜਾਣ ਦਾ ਹਵਾਲਾ ਦਿੱਤਾ ਅਤੇ ਕਿਸੇ ਨੇ ਦੇਰ ਹੋ ਜਾਣ ਕਾਰਨ ਕਿਹਾ ਕਿ ਸਮੇਂ ਦੀ ਘਾਟ ਕਾਰਨ ਦਰਸ਼ਨ ਕਰਨੇ ਬਹੁਤ ਮੁਸ਼ਕਿਲ ਹੋ ਗਏ ਹਨ। ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਸਭ ਦਾ ਖਿਆਲ ਰੱਖਦਿਆਂ ਪਹਿਲਾਂ ਦੀ ਤਰ੍ਹਾਂ ਹੀ ਪ੍ਰਬੰਧ ਕਰਨ ਤਾਂ ਜੋ ਕੋਈ ਵੀ ਮਜਬੂਰ ਵਿਅਕਤੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨਾਂ ਤੋਂ ਵਾਂਝਾ ਨਾ ਰਹੇ।


Anuradha

Content Editor

Related News