ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਿਖਾਈ ਦਿੱਤਾ ਸੰਗਤਾਂ ਦਾ ਇਕੱਠ, ਦੁਪਹਿਰ ਸਮੇਂ ਏਕਾਂਤ

Wednesday, Apr 01, 2020 - 06:00 PM (IST)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਿਖਾਈ ਦਿੱਤਾ ਸੰਗਤਾਂ ਦਾ ਇਕੱਠ, ਦੁਪਹਿਰ ਸਮੇਂ ਏਕਾਂਤ

ਅੰਮ੍ਰਿਤਸਰ (ਅਨਜਾਣ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਤਿੰਨ ਦਿਨਾਂ ਤੋਂ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਦੀ ਗਿਣਤੀ ’ਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਗਿਣਤੀ ਵੱਧਦੀ ਨਜ਼ਰ ਆਈ ਪਰ ਬਾਅਦ ਦੁਪਹਿਰ ਏਕਾਂਤ ਵਾਲਾ ਮਾਹੌਲ ਹੀ ਬਣਿਆ ਰਿਹਾ। ਸਵੇਰ ਦੇ ਹੁਕਮਨਾਮੇ ਤੋਂ ਬਾਅਦ ਸੰਗਤਾਂ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ, ਸੇਵਾ ਕੀਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ ਅਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤੇ।

ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਰੋਜ਼ਾਨਾ ਦੀ ਤਰ੍ਹਾਂ ਮਰਿਆਦਾ ਰਹੀ ਬਹਾਲ
ਸਿੱਖ ਕੌਮ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਰੋਜ਼ਾਨਾ ਦੀ ਤਰ੍ਹਾਂ ਜਨਤਾ ਕਰਫਿਊ ਦੇ ਬਾਵਜੂਦ ਪਵਿੱਤਰ ਮਰਿਆਦਾ ਬਹਾਲ ਰਹੀ। ਕਿਵਾੜ ਬੰਦ ਹੋਣ ਉਪਰੰਤ 12 ਵਜੇ ਤੋਂ 3 ਵਜੇ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰਾਂ ਅਤੇ ਸੰਗਤਾਂ ਵਲੋਂ 3 ਪਹਿਰੇ ਦੀ ਸੇਵਾ ਕੀਤੀ ਗਈ। ਉਪਰੰਤ ਅੰਮ੍ਰਿਤ ਵੇਲੇ ਤਿੰਨ ਵਜੇ ਕਿਵਾੜ ਖੁੱਲ੍ਹਣ ਉਪਰੰਤ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਨ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨ ਉਪਰੰਤ 4.30 ਵਜੇ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਪਾਲਕੀ ਸਾਹਿਬ ਰਵਾਨਾ ਹੋਈ। ਪਾਲਕੀ ਸਾਹਿਬ ਰਵਾਨਾ ਹੋਣ ਉਪਰੰਤ 4.45 ’ਤੇ ਤਖ਼ਤ ਸਾਹਿਬ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਗ੍ਰੰਥੀ ਸਿੰਘ ਵਲੋਂ ਹੁਕਮਨਾਮਾ ਲਿਆ ਗਿਆ। ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮਨਾਮੇ ਦੀ ਸਮਾਪਤੀ ਉਪਰੰਤ ਤਖ਼ਤ ਸਾਹਿਬ ’ਤੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਹੋਈ, ਜਿਸਦੇ ਭੋਗ 7 ਵਜੇ ਪਾਏ ਜਾਣ ’ਤੇ ਅਰਦਾਸ ਕੀਤੀ ਗਈ। ਸ਼ਾਮ 6.30 ’ਤੇ ਸੋਦਰਿ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਗਏ ਤੇ 7 ਵਜੇ ਅਰਦਾਸ ਉਪਰੰਤ ਚੜ੍ਹਦੀ ਕਲਾ ਦਾ ਪ੍ਰਤੀਕ ਨਗਾਰਾ ਵੱਜਿਆ। ਉਪਰੰਤ ਗ੍ਰੰਥੀ ਸਿੰਘ ਵਲੋਂ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਗਏ। 9.30 ਵਜੇ ਸੁਖ ਆਸਣ ਸਾਹਿਬ ਕੀਤੇ ਗਏ ਤੇ 10.30 ਸ੍ਰੀ ਹਰਿਮੰਦਰ ਸਾਹਿਬ ਤੋਂ ਸੁਖ ਆਸਣ ਉਪਰੰਤ ਸੁਨਹਿਰੀ ਪਾਲਕੀ ’ਚ ਸੁਸ਼ੋਭਿਤ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬਣੇ ਸੁਖ ਆਸਣ ਸਾਹਿਬ ਵਾਲੇ ਅਸਥਾਨ ’ਤੇ ਬਿਰਾਜਮਾਨ ਕੀਤਾ ਗਿਆ।

ਸਰਾਂ ਦੇ ਬਾਹਰ ਬੈਠੇ ਭਿਖਾਰੀ ਬਣ ਸਕਦੇ ਨੇ ਪ੍ਰੇਸ਼ਾਨੀ ਦਾ ਕਾਰਣ
ਸ੍ਰੀ ਹਰਿਮੰਦਰ ਸਾਹਿਬ ਨੇੜੇ ਗੁਰੂ ਗੋਬਿੰਦ ਸਿੰਘ ਐੱਨ. ਆਰ. ਆਈ. ਸਰਾਂ ਦੇ ਬਾਹਰ ਭਿਖਾਰੀਆਂ ਦਾ ਤਾਂਤਾ ਲੱਗਿਆ ਦੇਖਿਆ ਜਾ ਰਿਹਾ ਹੈ। ਜੋ ਮੈਲੇ ਕੱਪੜਿਆਂ ’ਚ ਹਨ ਅਤੇ ਕੁਝ ਬੀਮਾਰ ਲੱਗ ਰਹੇ ਹਨ। ਕੋਰੋਨਾ ਵਾਇਰਸ ਜਿਹੀ ਮਹਾਮਾਰੀ ਨੂੰ ਲੈ ਕੇ ਪੂਰੇ ਵਿਸ਼ਵ ਦੇ ਨਾਲ ਭਾਰਤ ’ਚ ਅਤੇ ਖਾਸਕਰ ਪੰਜਾਬ ’ਚ ਵੀ ਭਿਆਨਕ ਸਥਿਤੀ ਬਣੀ ਹੋਈ ਹੈ ਪਰ ਪ੍ਰਸ਼ਾਸਨ ਵਲੋਂ ਇਨ੍ਹਾਂ ਭਿਖਾਰੀਆਂ ਨੂੰ ਰੈਣ ਬਸੇਰੇ ’ਚ ਵਸਾਉਣ ਦੀ ਥਾਂ ਖੁੱਲ੍ਹਾ ਛੱਡਣਾ ਕਿਸੇ ਵੇਲੇ ਪ੍ਰੇਸ਼ਾਨੀ ਦਾ ਕਾਰਣ ਬਣ ਸਕਦਾ ਹੈ। ਮਾਣਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਅਪੀਲ ਹੈ ਕਿ ਇਨ੍ਹਾਂ ਭਿਖਾਰੀਆਂ ਨੂੰ ਰੈਣ ਬਸੇਰੇ ’ਚ ਵਸਾਉਣ ਦੇ ਯੋਗ ਉਪਰਾਲੇ ਕੀਤੇ ਜਾਣ।
 


author

rajwinder kaur

Content Editor

Related News