ਸ਼ੋਭਾ ਯਾਤਰਾ ਦੌਰਾਨ ਸ਼ਹਿਰ ਨੂੰ 17 ਸੈਕਟਰਾਂ 'ਚ ਵੰਡਿਆ
Tuesday, Jan 30, 2018 - 11:13 AM (IST)

ਜਲੰਧਰ (ਬੁਲੰਦ)— ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ 'ਚ ਸ਼ਹਿਰ ਵਿਚ ਅੱਜ ਕੱਢੀ ਜਾ ਰਹੀ ਸ਼ੋਭਾ ਯਾਤਰਾ ਨੂੰ ਲੈ ਕੇ ਪੁਲਸ ਕਮਿਸ਼ਨਰ ਨੇ ਪ੍ਰੈੱਸ ਨੋਟੀਫਿਕੇਸ਼ਨ ਜਾਰੀ ਕਰਕੇ ਦੱਸਿਆ ਕਿ ਸ਼ੋਭਾ ਯਾਤਰਾ ਵਿਚ ਸੁਰੱਖਿਆ ਦੇ ਨਜ਼ਰੀਏ ਤੋਂ ਸ਼ਹਿਰ ਨੂੰ 17 ਸੈਕਟਰਾਂ ਵਿਚ ਵੰਡਿਆ ਗਿਆ ਅਤੇ ਸ਼ੋਭਾ ਯਾਤਰਾ ਵਿਚ 1100 ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸੀ. ਪੀ. ਨੇ ਕਿਹਾ ਕਿ ਸ਼ੋਭਾ ਯਾਤਰਾ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। ਸਾਰੇ ਸੈਕਟਰਾਂ ਦੀ ਨਿਗਰਾਨੀ ਲਈ ਐੱਸ. ਐੱਚ. ਓਜ਼ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ ਦੇ ਉਪਰ 7 ਏ. ਸੀ. ਪੀ. ਨਿਗਰਾਨੀ ਕਰਨਗੇ। ਇਸ ਤੋਂ ਇਲਾਵਾ 4 ਏ. ਡੀ. ਸੀ. ਪੀ. ਇਨ੍ਹਾਂ ਸੈਕਟਰਾਂ ਦੀ ਪੂਰੀ ਨਿਗਰਾਨੀ ਆਪਣੇ ਲੈਵਲ 'ਤੇ ਕਰਨਗੇ ਅਤੇ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਪੁਖਤਾ ਹੋਣਗੇ।
ਸਿਨ੍ਹਾ ਨੇ ਕਿਹਾ ਕਿ ਸ਼ੋਭਾ ਯਾਤਰਾ ਦੇ ਸਬੰਧ ਵਿਚ ਸ਼ਹਿਰ ਵਿਚ ਪੁਲਸ ਗਸ਼ਤ ਪਾਰਟੀਆਂ ਬਣਾਈਆਂ ਗਈਆਂ ਹਨ। ਸ਼ੋਭਾ ਯਾਤਰਾ ਵਿਚ ਮਹਿਲਾ ਪੁਲਸ ਕਰਮਚਾਰੀਆਂ ਦੀ ਵੀ ਤਾਇਨਾਤੀ ਕੀਤੀ ਗਈ ਹੈ। ਜਾਣਕਾਰੀ ਵਿਚ ਕਿਹਾ ਗਿਆ ਕਿ ਸ਼ੋਭਾ ਯਾਤਰਾ ਦੌਰਾਨ ਟ੍ਰੈਫਿਕ ਨੂੰ 190 ਪੁਆਇੰਟਾਂ 'ਤੇ ਤਬਦੀਲ ਕੀਤਾ ਗਿਆ ਹੈ। ਸੀ. ਪੀ. ਨੇ ਲੋਕਾਂ ਨੂੰ ਸ਼ੋਭਾ ਯਾਤਰਾ ਦੌਰਾਨ ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਵੀ ਕੀਤੀ।