ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ
Monday, Feb 18, 2019 - 04:05 PM (IST)
ਜਲੰਧਰ (ਸੋਨੂੰ)— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 642ਵੇਂ ਪ੍ਰਕਾਸ਼ ਪੁਰਬ ਸਬੰਧੀ ਅੱਜ ਜਲੰਧਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਬੂਟਾ ਮੰਡੀ ਸਮੇਤ ਵੱਖ-ਵੱਖ ਬਸਤੀਆਂ 'ਚੋਂ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਨਕੋਦਰ ਚੌਕ ਤੋਂ ਸ਼ੁਰੂ ਹੋ ਕੇ ਗੁਰੂ ਰਵਿਦਾਸ, ਨਕੋਦਰ ਚੌਕ, ਪੀ. ਐੱਨ. ਬੀ. ਚੌਕ, ਮਿਲਾਪ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ, ਵਾਲੀਮਿਕ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਜੇਲ ਚੌਕ, ਬਸਤੀ ਅੱਡਾ, ਜੋਤੀ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ ਤੋਂ ਹੁੰਦੇ ਹੋਏ ਗੁਰੂ ਰਵਿਦਾਸ ਧਾਮ 'ਚ ਖਤਮ ਹੋਵੇਗੀ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਵੱਲੋਂ ਸੰਗਤਾਂ ਨੂੰ ਲੰਗਰ ਵੀ ਵਰਤਾਏ ਗਏ।
ਬੂਟਾ ਮੰਡੀ 'ਚੋਂ ਕੱਢੀ ਸ਼ੋਭਾ ਯਾਤਰਾ 'ਚ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਮੇਤ ਆਦਿ ਆਗੂ ਮੌਜੂਦ ਸਨ। ਹਰ ਕੋਈ ਭਗਤੀ ਦੇ ਰੰਗਾਂ 'ਚ ਨਜ਼ਰ ਆਇਆ। ਇਸ ਮੌਕੇ ਹਿੰਦ ਸਮਾਚਾਰ ਗਰੁੱਪ ਦੇ ਡਾਇਰੈਕਟਰ ਅਭਿਜੈ ਚੋਪੜਾ ਜੀ ਨੇ ਨਗਰ-ਨਗਮ ਕਮੇਟੀ ਵੱਲੋਂ ਲਗਾਈ ਗਈ ਸਟੇਜ਼ 'ਤੇ ਸ਼ਿਰਕਤ ਕਰਦੇ ਹੋਏ ਸਾਰੇ ਦੇਸ਼ਵਾਸੀਆਂ ਨੂੰ ਇਸ ਦੀ ਵਧਾਈ ਦਿੱਤੀ।
ਇਸ ਮੌਕੇ ਸੰਤੋਖ ਚੌਧਰੀ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੂਬੇ ਦੀ ਵਿਧਾਨ ਸਭਾ 'ਚ ਆਦਮਪੁਰ ਦੇ ਡੈਮੋਕ੍ਰੇਟਿਕ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਣ ਦਾ ਪ੍ਰਸਤਾਵ ਪਹਿਲਾਂ ਹੀ ਪੇਸ਼ ਹੋ ਚੁੱਕਾ ਹੈ। ਉਥੇ ਹੀ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਫਿਰ ਵਾਪਸ ਆਉਂਦੀ ਹੈ ਤਾਂ ਆਦਮਪੁਰ ਡੈਮੋਕ੍ਰੇਟਿਕ ਏਅਰਪੋਰਟ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਿਆ ਜਾਵੇਗਾ।