ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ
Friday, May 29, 2020 - 02:38 PM (IST)
(ਕਿਸ਼ਤ ਤੀਹਵੀਂ)
ਵੀਰ ਦੀ ਪੈਗ਼ੰਬਰੀ ਅਜ਼ਮਤ ਦੀ ਨੇੜ੍ਹਲੀ ਰਾਜ਼ਦਾਨ: ਬੇਬੇ ਨਾਨਕੀ
6. ਮਹਿਤਾ ਕਾਲੂ ਜੀ ਨੂੰ ਆਏ ਸੁਪਨੇ ਤੋਂ ਛੇਵਾਂ ਭਾਵਪੂਰਤ ਇਸ਼ਾਰਾ ਅਤੇ ਸੰਦੇਸ਼ ਇਹ ਮਿਲਦਾ ਹੈ ਕਿ ਸਾਂਝਾਂ ਦੇ ਬਾਵਜੂਦ ਹੱਠ ਯੋਗ (ਤੱਪ) ਅਤੇ ਭਗਤੀ ਯੋਗ (ਪ੍ਰੇਮਾ ਭਗਤੀ) ਦੀ ਤਾਸੀਰ, ਵਿਆਕਰਣ ਅਤੇ ਪ੍ਰਭਾਵਸ਼ੀਲਤਾ ਵਿੱਚ ਵੱਡਾ ਵੱਖਰੇਵਾਂ ਹੈ। ਤੱਪ ਦੀ ਆਪਣੀ ਵਿਲੱਖਣਤਾ, ਸ਼ਕਤੀ ਅਤੇ ਸਮਰੱਥਾ ਹੈ ਪਰ ਤਪ ਦੇ ਮੁਕਾਬਲੇ ਭਗਤੀ ਦਾ ਪ੍ਰਭਾਵ ਅਤੇ ਪੱਧਰ ਕਿਤੇ ਵਡੇਰਾ ਅਤੇ ਉਚੇਰਾ ਹੈ। ਇਹ ਵੀ ਸੱਚ ਹੈ ਕਿ ਤਪਾਂ ਨਾਲ ਤਮਾਂ ਵੱਧਦੀ ਹੈ, ਮਨ ਅੰਦਰ ਸਤੋਗੁਣ ਪੈਦਾ ਨਹੀਂ ਹੁੰਦੇ। ਇਹ ਪਿਛਲੇ ਜਨਮ ਵਿੱਚ ਮਹਿਤਾ ਕਾਲੂ ਜੀ ਦੁਆਰਾ ਕਠੋਰ ਤਪ ਕਰਨ ਪਰ ਆਪਣੇ ਗੁਰੂ ਦੀ ਦਿੱਤੀ ਸਿੱਖਿਆ ਅਨੁਸਾਰ ਭਗਤੀ ਨਾ ਕਰ ਸਕਣ ਦਾ ਹੀ ਪਰਿਣਾਮ ਸੀ ਕਿ ਨਾ ਤਾਂ ਉਨ੍ਹਾਂ ਦੇ ਮਨ ਅੰਦਰੋਂ ਹਉਮੈਂ ਦਾ ਭਾਵ ਪੂਰੀ ਤਰ੍ਹਾਂ ਖ਼ਤਮ ਹੋਇਆ, ਨਾ ਹੀ ਪਿਆਰ ਦਾ ਚਸ਼ਮਾ ਫੁੱਟਿਆ ਅਤੇ ਨਾ ਹੀ ਅਗਿਆਨਤਾ/ਮਾਇਆ ਦਾ ਬੰਧਨ (ਓਹਲਾ) ਹੀ ਕੱਟਿਆ ਗਿਆ। ਫਲਸਰੂਪ ਅਗਲੇ ਜਨਮ ਮਨ ਦੀ ਮੁਰਾਦ ਪੂਰੀ ਹੋਣ ’ਤੇ ਵੀ ਉਹ ਇਸ ਮਨੋਰਥ-ਸਿੱਧੀ ਦਾ ਰੂਹਾਨੀ ਰਸ ਅਤੇ ਆਨੰਦ ਮਾਣਨੋਂ ਖੁੰਝ ਗਏ। ਹਉਮੈ ਦੀ ਮਾਮੂਲੀ ਪਰਤ ਅਤੇ ਮਾਇਆ ਦੇ ਪਰਦੇ ਨੇ ਸਾਰੀ ਕੀਤੀ ਕੱਤਰੀ ਇੱਕ ਪ੍ਰਕਾਰ ਨਾਲ ਖੂਹ-ਖਾਤੇ ਪਾ ਦਿੱਤੀ।
7. ਸੱਤਵਾਂ ਰਮਜ਼ਮਈ ਸੰਕੇਤ ਇਹ ਮਿਲਦਾ ਹੈ ਕਿ ਕਠੋਰ ਜਪ-ਤਪ ਕਰਕੇ ਕੁੱਝ ਖ਼ਾਸ ਪ੍ਰਾਪਤ ਕਰਨਾ ਵੀ ਭਾਵੇਂ ਡਾਢਾ ਔਖਾ ਕਾਰਜ ਹੈ ਪਰ ਤਪ ਅਤੇ ਸਾਧਨਾ ਤੋਂ ਪ੍ਰਾਪਤ ਹੋਈ ਅਮੋਲਕ ਵਸਤ/ਪ੍ਰਾਪਤੀ ਨੂੰ, ਹਉਮੈ ਤੋਂ ਰਹਿਤ ਰਹਿੰਦਿਆਂ, ਧਰਮ ਅਨੁਰੂਪ ਸੰਜਮੀਕ੍ਰਿਤ ਕਰਨਾ ਅਰਥਾਤ ਸਾਂਭੀ ਰੱਖਣਾ ਹੋਰ ਵੀ ਜ਼ਿਆਦਾ ਮੁਸ਼ਕਲ ਕੰਮ ਹੈ। ਮਹਿਤਾ ਕਾਲੂ ਜੀ ਪਿਛਲੇ ਜਨਮ ਦੇ ਆਪਣੇ ਤਪੀਏ ਵਾਲੇ ਰੂਪ ਵਿੱਚ ਨਿਰਸੰਦੇਹ ਇਹ ਵਧੇਰੇ ਔਖਾ ਕਾਰਜ ਕਰਨੋਂ ਅਸਮਰੱਥ ਰਹੇ, ਜਿਸਦੇ ਸਿੱਟੇ ਵਜੋਂ ਪਰਮਾਤਮਾ ਨੂੰ ਘਰ ਵਿੱਚ ਪਾ ਕੇ ਵੀ, ਉਨ੍ਹਾਂ ਨੂੰ ਉਸਦੀ ਪ੍ਰਤੀਤ ਨਾ ਹੋ ਸਕੀ। ਪਿਆਰ ਦੇ ਅਨੋਖੇ ਸਿਰਜਣਾਤਮਕ ਅਤੇ ਰਸੀਲੇ ਹੁਲਾਰੇ (ਪ੍ਰੇਮਾ-ਭਗਤੀ) ਤੋਂ ਸੱਖਣੇ ਰੁੱਖੇ ਤੱਪ ਕਾਰਣ, ਉਨ੍ਹਾਂ ਦਾ ਮਨ ਮੇਰ-ਤੇਰ, ਦੁਨੀਆਦਾਰੀ ਅਤੇ ਮਾਇਆ ਦੇ ਚੱਕਰ ਵਿੱਚ ਪਿਆ ਰਿਹਾ ਅਤੇ ਉਹ ਮੂਸਲਾਧਾਰ ਵਰ੍ਹਦੇ ਮੀਂਹ ਵਿੱਚ ਵੀ ਪਿਆਸੇ ਰਹਿ ਗਏ। ਦਾਈ ਦੌਲਤਾਂ, ਬੇਬੇ ਨਾਨਕੀ ਜੀ, ਰਾਇ ਬੁਲਾਰ ਖ਼ਾਨ, ਚਾਰੇ ਉਸਤਾਦਾਂ ਅਤੇ ਤ੍ਰਿਪਤਾ ਜੀ ਵਾਂਗ ਤ੍ਰਿਪਤ ਨਾ ਹੋ ਸਕੇ। ਪਿਛਲੇ ਕਰੜੇ ਤਪ ਕਾਰਣ ਜੇਕਰ ਪ੍ਰਕਾਸ਼ (ਪਰਮਾਤਮਾ) ਦੀ ਪ੍ਰਤੀਤੀ ਹੋਈ ਵੀ ਤਾਂ ਉਹ ਵੀ ਅਸਮਾਨੀ ਬਿਜਲੀ ਦੇ ਅਚਾਨਕ ਚਮਕਣ ਵਾਂਗ, ਪਲ ਦੀ ਪਲ ਹੋਈ। ਪਿਛੋਂ ਫੇਰ ਹਨੇਰਾ ਛਾ ਗਿਆ ਅਤੇ ਉਹ ਹੱਥ ਮਲਦੇ ਰਹਿ ਗਏ।
ਭੈਣ ਨਾਨਕੀ ਜੀ, ਆਪਣੇ ਨਿੱਕੇ ਵੀਰ ਨਾਨਕ ਦੀ ਇਲਾਹੀ ਹਸਤੀ ਅਤੇ ਰਮਜ਼ ਨੂੰ, ਬਚਪਨ ਦੇ ਦਿਨਾਂ ਤੋਂ ਹੀ ਭਲੀਭਾਂਤ ਪਹਿਚਾਣਦੇ ਸਨ। ਉਹ ਉਮਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲੋਂ ਪੰਜ ਸਾਲ ਵੱਡੇ ਸਨ। ਇਸ ਹਿਸਾਬ ਨਾਲ ਉਨ੍ਹਾਂ ਦਾ ਜਨਮ ਦਾ ਵਰ੍ਹਾ 1464 ਈਸਵੀ ਬਣਦਾ ਹੈ। ਪ੍ਰਿੰਸੀਪਲ ਸਤਬੀਰ ਸਿੰਘ ਅਨੁਸਾਰ ਨਾਨਕੀ ਜੀ ਦਾ ਜਨਮ, ਉਨ੍ਹਾਂ ਦੇ ਨਾਨਕੇ ਪਿੰਡ ਚਾਹਲ, ਥਾਣਾ ਬਰਕੀ, ਜ਼ਿਲ੍ਹਾ ਲਾਹੌਰ ਵਿਖੇ, ਸੰਨ 1464 ਈਸਵੀ ਨੂੰ ਹੋਇਆ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਬੇਬੇ ਨਾਨਕੀ ਜੀ ਦੇ ਜਨਮ ਦਾ ਸਾਲ ਬਿਕਰਮੀ ਸੰਮਤ 1521 ਅਰਥਾਤ 1464 ਈਸਵੀ ਹੀ ਲਿਖਿਆ ਹੈ।
ਭੈਣ ਨਾਨਕੀ ਜੀ ਨੂੰ ਆਮ ਬੋਲਚਾਲ ਵਿੱਚ ਅਕਸਰ ਬੇਬੇ ਨਾਨਕੀ ਜੀ ਆਖਿਆ ਜਾਂਦਾ ਹੈ। ‘ਬੇਬੇ’ ਦਾ ਵੱਡਾ ਅਤੇ ਅਤਿ ਸਤਿਕਾਰ ਸੂਚਕ ਸ਼ਬਦ ਇੱਕ ਪ੍ਰਕਾਰ ਨਾਲ ਉਨ੍ਹਾਂ ਦੇ ਨਾਂ ਨਾਲ ਪੱਕੇ ਤੌਰ ’ਤੇ ਜੁੜਿਆ ਹੋਇਆ ਹੈ। ਪੰਜਾਬੀ ਸਭਿਆਚਾਰ ਦਾ ਨਿਕਟ ਇਤਿਹਾਸਕ ਅਧਿਐਨ ਦੱਸਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਸਾਡੇ ਪਰੰਪਰਕ ਪੰਜਾਬੀ ਪਰਿਵਾਰ/ਸਮਾਜ ਵਿੱਚ ਜਨਮੀ ਸਭ ਤੋਂ ਪਹਿਲੀ (ਪਲੇਠੀ) ਲੜਕੀ ਨੂੰ, ਪਰਿਵਾਰ, ਭਾਈਚਾਰੇ ਅਤੇ ਪਿੰਡ ਵਾਲੇ, ਸਤਿਕਾਰ ਵਜੋਂ ਆਮ ਹੀ ਬੇਬੇ ਜਾਂ ਬੇਬੇ ਜੀ ਕਹਿ ਕੇ ਬੁਲਾ ਲਿਆ ਕਰਦੇ ਸਨ ਤਾਂ ਹੀ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੀ ਆਪਣੀ ਵੱਡੀ ਭੈਣ ਨਾਨਕੀ ਨੂੰ, ਸਤਿਕਾਰ ਵਜੋਂ ‘ਬੇਬੇ’ ਜਾਂ ‘ਬੇਬੇ ਜੀ’ ਕਹਿ ਕੇ ਹੀ ਪੁਕਾਰਦੇ ਹੁੰਦੇ ਸਨ।ਇਹ ਇੱਕ ਠੋਸ ਤੱਥ ਹੈ ਕਿ
ਇੱਕ ਤਾਂ ਵੱਡੀਆਂ ਕੁੜੀਆਂ (ਧੀਆਂ ਜਾਂ ਭੈਣਾਂ) ਕੁਦਰਤ ਵੱਲੋਂ ਹੀ ਸਿਆਣਪ ਦੀ ਰਹਿਮਤ ਨਾਲ ਵਰੋਸਾਈਆਂ ਜਾਂ ਨਿਵਾਜੀਆਂ ਗਈਆਂ ਹੁੰਦੀਆਂ ਹਨ। ਦੂਸਰਾ ਵੱਡੀਆਂ ਹੋਣ ਕਰਕੇ ਇਹ ਛੇਤੀ ਹੀ ਘਰੇਲੂ ਕੰਮਾਂ-ਕਾਜਾਂ ਵਿੱਚ ਬੜੀਆਂ ਨਿਪੁੰਨ ਹੋ ਜਾਂਦੀਆਂ ਹਨ ਅਤੇ ਫਿਰ ਆਪਣੇ ਮਾਪਿਆਂ ਵਿਸ਼ੇਸ਼ ਕਰਕੇ ਮਾਵਾਂ ਦਾ ਹੱਥ ਵਟਾਉਣ ਲੱਗ ਜਾਂਦੀਆਂ ਹਨ। ਇੱਕ ਦਾਨੀ-ਪ੍ਰਧਾਨੀ ਅਤੇ ਸੁਘੜ-ਸਿਆਣੀ ਵੱਡੀ ਧੀ, ਜਦੋਂ ਬਚਪਨ ਵਿੱਚ ਹੀ ਬੜੀ ਰੀਝ, ਜ਼ਿੰਮੇਵਾਰੀ ਅਤੇ ਸੰਜੀਦਗੀ ਸਹਿਤ ਆਪਣੀ ਮਾਂ ਨਾਲ ਘਰ ਦਾ ਹਰ ਕਾਰ-ਵਿਹਾਰ ਕਰਨ ਲੱਗ ਪੈਂਦੀ ਹੈ ਤਾਂ ਚਾਅ ਅਤੇ ਖ਼ੁਸ਼ੀ ਵਿੱਚ ਆਈ ਮਾਂ ਕੋਲੋਂ ਸਹਿਜ ਸੁਭਾਵਕ ਹੀ ਇਹ ਆਖ ਹੋ ਜਾਂਦਾ ਹੈ ਕਿ ਇਹ ਤਾਂ ਹਰ ਕੰਮ ਵਿੱਚ ਮੇਰੀ ਵੀ ਮਾਂ, ਅੰਮਾਂ ਜਾਂ ਬੇਬੇ ਹੈ। ਭਾਵ ਮੇਰੇ ਨਾਲੋਂ ਵੀ ਵੱਧ ਨਿਪੁੰਨ ਅਤੇ ਦਾਨੀ-ਪ੍ਰਧਾਨੀ ਹੈ। ਇਸ ਪ੍ਰਸੰਗ ਵਿੱਚ ਸਪਸ਼ਟ ਹੈ ਕਿ ਸਾਡੇ ਪਰੰਪਰਕ ਸਮਾਜ ਅੰਦਰ ਜਿੱਥੇ ਵੱਡੀ ਮਾਂ ਅਰਥਾਤ ਦਾਦੀ ਜਾਂ ਨਾਨੀ ਮਾਂ ਨੂੰ ਬੇਬੇ ਆਖਿਆ ਜਾਂਦਾ ਰਿਹਾ ਹੈ, ਉੱਥੇ ਪਰਿਵਾਰ ਦੀ ਹਰ ਦਾਨੀ-ਪ੍ਰਧਾਨੀ ਵੱਡੀ ਧੀ-ਭੈਣ ਨੂੰ ਵੀ ਬੇਬੇ ਕਹਿ ਕੇ ਬੁਲਾਇਆ ਜਾਂਦਾ ਰਿਹਾ ਹੈ ਅਤੇ ਕਿਤੇ-ਕਿਤੇ ਅੱਜ ਵੀ ਬੁਲਾਇਆ ਜਾਂਦਾ ਹੈ।
ਖ਼ੁਦ ਪੰਜਾਂ ਵਰ੍ਹਿਆਂ ਦੀ ਬੱਚੀ ਹੁੰਦਿਆਂ, ਭੈਣ ਨਾਨਕੀ ਜਿੱਥੇ ਆਪਣੇ ਨਿੱਕੇ ਵੀਰ ਦੀ ਪੈਗ਼ੰਬਰੀ ਅਜ਼ਮਤ ਦੀ ਨੇੜ੍ਹਲੀ ਰਾਜ਼ਦਾਨ ਸੀ, ਉੱਥੇ ਬਚਪਨ ਦੇ ਦਿਨਾਂ ਤੋਂ ਹੀ ਉਨ੍ਹਾਂ ਦੀ ਵੱਡੀ ਸੁਰੱਖਿਆ ਛੱਤਰੀ, ਪਰਛਾਵੇਂ ਵਰਗੀ ਸਾਥਣ ਅਤੇ ਨਿਗਰਾਨ ਵੀ ਸੀ, ਅਰਥਾਤ ਵੱਡੀ-ਮਾਂ ਜਾਂ ਬੇਬੇ ਵੀ ਸੀ। ਇੱਕ ਮਮਤਾ ਨਾਲ ਸਰਸ਼ਾਰ ਅਤੇ ਪਿਆਰ-ਗੁੱਧੀ ਮਾਂ ਵਾਂਗ ਉਹ, ਵੀਰ ਦੀ ਹਰ ਪ੍ਰਕਾਰ ਨਾਲ ਦੇਖ-ਭਾਲ, ਸਾਂਭ-ਸੰਭਾਲ, ਨਿਗਰਾਨੀ ਅਤੇ ਪਰਵਰਿਸ਼ ਕਰਿਆ ਕਰਦੇ ਸਨ। ਵੀਰ ਦਾ ਹਰ ਪਲ ਖ਼ਿਆਲ ਰੱਖਦਿਆਂ ਅਤੇ ਉਸਦਾ ਰੱਬੀ ਨੂਰ ਨਾਲ ਖਿੜਿਆ ਮਾਸੂਮ ਤੇਜੱਸਵੀ ਚਿਹਰਾ ਤੱਕਦਿਆਂ ਉਹ ਆਪਣੇ ਆਪ ਨੂੰ ਡਾਢੇ ਰੱਜੇ-ਰੱਜੇ ਅਤੇ ਭਰੇ-ਭੁਕੰਨੇ ਮਹਿਸੂਸਦੇ ਸਨ। ਮਮਤਾ ਨਾਲ ਲਬਰੇਜ਼ ਭੈਣ ਨਾਨਕੀ ਦਾ ਪਿਆਰ, ਨਿਰਸੰਦੇਹ ਇੱਕ ਬੇਬੇ ਵਾਲੇ ਪਿਆਰ ਨਾਲੋਂ ਕਿਸੇ ਪੱਖੋਂ ਵੀ ਊਣਾ ਨਹੀਂ ਸੀ। ਮੋੜਵੇਂ ਹੁੰਗਾਰੇ ਵਜੋਂ ਬਾਲ ਨਾਨਕ ਜੀ ਵੀ ਉਨ੍ਹਾਂ ਨੂੰ ਪਿਆਰ ਨਾਲ ‘ਬੇਬੇ’ ‘ਬੇਬੇ’ ਕਹਿੰਦੇ ਨਹੀਂ ਸਨ ਥੱਕਦੇ। ਇਵੇਂ ਵੀਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਹੌਲੀ-ਹੌਲੀ ਪਹਿਲਾਂ ਪੂਰਾ ਬੇਦੀ ਪਰਿਵਾਰ ਉਨ੍ਹਾਂ ਨੂੰ ‘ਬੇਬੇ ਜੀ’ ਕਹਿਣ ਲੱਗਾ। ਉਪਰੰਤ ਅੱਜ ਪੂਰਾ ਸ੍ਰੀ ਗੁਰੂ ਨਾਨਕ ਨਾਮ ਲੇਵਾ ਸਿੱਖ ਸਮਾਜ ਵੀ ਉਨ੍ਹਾਂ ਨੂੰ ਵੱਡੇ ਸਤਿਕਾਰ ਨਾਲ ‘ਬੇਬੇ ਨਾਨਕੀ ਜੀ’ ਆਖ ਕੇ ਹੀ ਸੰਬੋਧਨ ਕਰਦਾ ਹੈ।
ਚਲਦਾ...........
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com