ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖ਼ੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ: ਚੀਫ਼ ਖ਼ਾਲਸਾ ਦੀਵਾਨ

11/11/2021 10:13:00 AM

ਅੰਮ੍ਰਿਤਸਰ (ਜ.ਬ) - ਸਿੱਖਾਂ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵੱਲੋਂ ਕੇਂਦਰ ਸਰਕਾਰ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਵਿਖੇ ਸਥਿਤ ਗੁਰੂ ਨਾਨਕ ਸਾਹਿਬ ਜੀ ਦੀ ਕਰਮਭੂਮੀ ਪਵਿੱਤਰ ਅਸਥਾਨ ਗੁ. ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਮੁੜ ਖੋਲ੍ਹਣ ਦੀ ਅਪੀਲ ਕੀਤੀ ਗਈ। ਜਾਰੀ ਬਿਆਨ ਵਿਚ ਪ੍ਰਧਾਨ ਨਿਰਮਲ ਸਿੰਘ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਲ 2019 ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਥ ਤੋਂ ਵਿਛੜੇ ਗੁਰੂਧਾਮ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਦੀਆਂ ਸੰਗਤਾਂ ਵੱਲੋਂ ਕੀਤੀਆਂ ਅਰਦਾਸਾਂ ਪ੍ਰਵਾਨ ਹੋਈਆਂ ਸਨ। ਇਹ ਲਾਂਘਾ ਦੋਹਾਂ ਮੁਲਕਾਂ ਭਾਰਤ-ਪਾਕਿ ਵਿਚ ਅਮਨ-ਸ਼ਾਤੀ ਅਤੇ ਭਾਈਚਾਰੇ ਦੀ ਸ਼ੁਰੂਆਤ ਵਜੋਂ ਮੰਨਿਆ ਗਿਆ ਸੀ। 

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਰ ਕੇ ਬੰਦ ਹੋਇਆ ਇਹ ਇਤਿਹਾਸਕ ਲਾਂਘਾ ਹਾਲਾਤ ਸੁਧਰਣ ’ਤੇ ਅਜੇ ਵੀ ਬੰਦ ਹੈ, ਜਦਕਿ ਪਾਕਿਸਤਾਨ ਵੱਲੋਂ ਤਾਲਾਬੰਦੀ ਉਪਰੰਤ ਇਹ ਲਾਂਘਾ ਮੁੜ ਖੋਲ੍ਹਣ ਦੀ ਤਜ਼ਵੀਜ ਰੱਖੀ ਜਾ ਚੁੱਕੀ ਹੈ। ਵਰਤਮਾਨ ਸਮੇਂ ਵਿਚ ਭਾਰਤ ਸਰਕਾਰ ਵਲੋਂ ਸਭਨਾਂ ਧਰਮਾਂ ਦੀਆਂ ਸੰਗਤਾਂ ਲਈ ਪਵਿੱਤਰ ਅਸਥਾਨਾਂ ਦੇ ਦਰਸ਼ਨ ਖੋਲ੍ਹ ਦਿੱਤੇ ਗਏ ਹਨ ਪਰ ਗੁ. ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੋਲ੍ਹਣ ਦਾ ਮਾਮਲਾ ਅਜੇ ਤੱਕ ਲਟਕਿਆ ਪਿਆ ਹੈ। ਹੁਣ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਾਨਕ ਨਾਮ ਲੇਵਾ ਸੰਗਤਾਂ ਬੇਸਬਰੀ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਉਡੀਕ ਰਹੀਆਂ ਹਨ। 

ਇਸ ਮੌਕੇ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਤੇ ਅਮਰਜੀਤ ਸਿੰਘ ਬਾਂਗਾ ਨੇ ਭਾਰਤ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਸਮੁੱਚੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦਿਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸੰਗਤਾਂ ਲਈ ਲਾਂਘਾ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਸੰਗਤਾਂ ਗੁਰਪੁਰਬ ਮੌਕੇ ਉਸ ਮੁਕੱਦਸ ਅਸਥਾਨ ਜਿਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਦੇ 17 ਸਾਲ ਬਿਤਾਉਂਦਿਆਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸਿੱਖਾਂ ਦੇ ਦੂਜੇ ਗੁਰੂ ਦੀ ਗੁਰਗੱਦੀ ਸੋਪੀ, ਅੱਗੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ।


rajwinder kaur

Content Editor

Related News