ਪਾਕਿ ਜਾਣ ਵਾਲਾ ਨਗਰ ਕੀਰਤਨ ਗੁ. ਸ੍ਰੀ ਜਾਮਨੀ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ

Tuesday, Feb 25, 2020 - 07:11 PM (IST)

ਪਾਕਿ ਜਾਣ ਵਾਲਾ ਨਗਰ ਕੀਰਤਨ ਗੁ. ਸ੍ਰੀ ਜਾਮਨੀ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ

ਫਿਰੋਜ਼ਪੁਰ— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਤਾਰਪੁਰ ਲਾਂਘੇ ਰਾਂਹੀ ਪਾਕਿ ਜਾਣ ਵਾਲਾ ਸੁਲਾਤਨਪੁਰ ਲੋਧੀ ਤੋਂ ਸਜਾਇਆ ਗਿਆ ਪਹਿਲਾ ਨਗਰ ਕੀਰਤਨ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਤੋਂ ਆਪਣੇ ਅਗਲੇ ਪੜ੍ਹਾਅ ਲਈ ਰਵਾਨਾ ਹੋ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਇਸ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸ੍ਰੀ ਬੇਰ ਤੋਂ ਹੋਈ ਸੀ, ਜਿਸ ਦੀ ਅਰਦਾਸ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ ਵੱਲੋਂ ਕੀਤੀ ਗਈ ਸੀ।

ਨਗਰ ਕੀਰਤਨੀ ਦੀ ਸ਼ੋਭਾ ਵਧਾਉਣ ਲਈ ਜਥੇ, ਬੈਂਡ-ਵਾਜੇ, ਗੁਰੂ ਦੀਆਂ ਲਾਡਲੀਆਂ ਫੌਜਾਂ ਤੋਂ ਇਲਾਵਾ ਇਸ ਨਗਰ ਕੀਰਤਨ 'ਚ ਸ਼ਾਮਲ ਹਾਥੀ-ਘੋੜੇ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ਹਨ। ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਸੁੰਦਰ ਮਾਡਲ ਵੀ ਖਾਸ ਖਿੱਚ ਦਾ ਕੇਂਦਰ ਬਣ ਰਹੇ ਹਨ।

ਗੌਰਤਲਬ ਹੈ ਕਿ ਇਹ ਨਗਰ ਕੀਤਰਨ ਨਿਰੋਲ ਸੇਵਾ ਸੰਸਥਾ ਧੂਰਕੋਟ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੱਢਿਆ ਜਾ ਰਿਹਾ ਹੈ। ਇਸ ਮੌਕੇ ਸਮੂਹ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਡਾ. ਜਗਦੀਪ ਸਿੰਘ ਕਾਲਾ ਸੋਢੀ ਸਮੇਤ ਹੋਰ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਡਾ. ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਸਜਾਏ ਜਾ ਰਹੇ ਇਸ ਨਗਰ ਕੀਰਤਨ ਦਾ ਮੁੱਖ ਮਕਸਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਅਤੇ ਪਸਾਰ ਕਰਨਾ ਹੈ।

7 ਮਾਰਚ ਨੂੰ ਪਹੁੰਚੇਗਾ ਸ੍ਰੀ ਕਰਤਾਰਪੁਰ ਸਾਹਿਬ
ਇਹ ਵਿਸ਼ਾਲ ਨਗਰ ਕੀਰਤਨ ਚੜ੍ਹਦੇ ਪੰਜਾਬ ਦੇ ਗੁਰਦੁਆਰਾ ਸਾਹਿਬ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਗੁਰਦੁਆਰਾ ਸਾਹਿਬ ਪੱਟੀ, ਗੁਰਦੁਆਰਾ ਜਾਮਨੀ ਸਾਹਿਬ, ਗੁਰਦੁਆਰਾ ਪਾਤਸ਼ਾਹੀ ਦਸਵੀਂ ਢਿੱਲਵਾਂ, ਗੁਰਦੁਆਰਾ ਸਾਹਿਬ ਕੋਟਭਾਈ, ਗੁਰਦੁਆਰਾ ਸ੍ਰੀ ਹਾਜੀਰਤਨ ਸਾਹਿਬ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨਾਭਾ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਅਤੇ ਹੋਰ ਵੀ ਧਾਰਮਿਕ ਸਥਾਨਾਂ ਤੋਂ ਹੁੰਦੇ ਹੋਏ 7 ਮਾਰਚ 2020 ਨੂੰ ਪਾਕਿ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇਗਾ।  


author

shivani attri

Content Editor

Related News