ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸ਼ਾਹ ਸ਼ਰਫ

Tuesday, May 12, 2020 - 10:00 AM (IST)

ਅਲੀ ਰਾਜਪੁਰਾ

94176-79302

ਸ਼ਾਹ ਸ਼ਰਫ 

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਜਦੋਂ ਪਾਣੀਪਤ ਵਿਖੇ ਸ਼ੇਖ਼ ਤਤੀਹਾਰ ਕੋਲ਼ ਪਹੁੰਚੇ ਤਾਂ ਉਸ ਨੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਦੀ ਦਿਲ ਖੋਲ੍ਹ ਕੇ ਆਓ ਭਗਤ ਕੀਤੀ। ਪਾਣੀਪਤ ਵਿਚ ਹੀ ਸ਼ਾਹ ਸ਼ਰਫ ਨਾਂਅ ਦਾ ਇਕ ਸੂਫ਼ੀ ਫ਼ਕੀਰ ਰਹਿੰਦਾ ਸੀ, ਜਿਸ ਦੀ ਮਾਨਤਾ ਕਾਫ਼ੀ ਸੀ। ਸ਼ਾਹ ਸ਼ਰਫ ਦੇ ਬਾਰੇ ਜਦੋਂ ਗੁਰੂ ਜੀ ਨੂੰ ਪਤਾ ਲੱਗਿਆ ਤਾਂ ਗੁਰੂ ਜੀ ਸ਼ੇਖ਼ ਤਤੀਹਾਰ ਦਰਵੇਸ਼ ਨੂੰ ਨਾਲ ਲੈ ਕੇ ਸ਼ਾਹ ਸ਼ਰਫ ਦੇ ਡੇਰੇ 'ਤੇ ਪਹੁੰਚ ਗਏ। ਸ਼ਾਹ ਸ਼ਰਫ ਉਂਝ ਸੂਫ਼ੀ ਸੰਤ ਸੀ ਪਰ ਉਸ ਨੂੰ ਆਪਣੀ ਕਲਾ 'ਤੇ ਬਹੁਤ ਮਾਣ ਸੀ। ਡੇਰੇ ਪਹੁੰਚਣ 'ਤੇ ਉਸ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਗ੍ਰਹਿਸਥੀਆਂ ਵਾਲਾ ਪਹਿਰਾਵਾ ਕਿਉਂ ਪਹਿਨਿਆ ਹੋਇਆ ਹੈ। ਜਦੋਂ ਤੁਸੀਂ ਸੰਸਾਰ ਤਿਆਗ ਹੀ ਦਿੱਤਾ ਹੈ ਤਾਂ ਫਿਰ ਆਹ ਦਾੜ੍ਹੀ- ਕੇਸ ਕਿਉਂ ਰੱਖੇ ਹੋਏ ਹਨ? ਗੁਰੂ ਸਾਹਿਬ ਜੀ ਨੇ ਉਸ ਦੇ ਸਵਾਲਾਂ ਦਾ ਜਵਾਬ ਦਿੰਦਿਆ ਕਿਹਾ- '' ਅਸਲੀ ਸਾਧੂ-ਸੰਤ ਬਣਨ ਲਈ ਸਿਰ ਨਹੀਂ ਰੂਹ ਨੂੰ ਮੁੰਨਣਾ ਜ਼ਰੂਰੀ ਹੈ। ਪਹਿਰਾਵਾ ਪਹਿਨ ਦੇ ਬੰਦਾ ਸੰਤ-ਮਹਾਤਮਾ ਨਹੀਂ ਬਣ ਜਾਂਦਾ, ਨੇਕ ਕਿਰਤ-ਕਮਾਈ ਬੰਦੇ ਨੂੰ ਉੱਚਾ ਚੁੱਕਦੀ ਹੈ, ਨਾ ਕਿ ਗਰਦਨ ਅਕੜਾਉਣ ਨਾਲ ਬੰਦਾ ਉੱਚਾ ਹੁੰਦਾ ਹੈ.....। '' ਇਸ ਤਰ੍ਹਾਂ ਗੁਰੂ ਜੀ ਦੀਆਂ ਦਲੀਲਾਂ ਅੱਗੇ ਉਸ ਦੀ ਪੇਸ਼ ਨਾ ਗਈ। ਉਸਦਾ ਹੰਕਾਰੀ ਮਨ ਨੀਵਾਂ ਹੋਇਆ ਤੇ ਉਸ ਨੇ ਆਪਣਾ ਆਸਣ ਛੱਡ ਕੇ ਗੁਰੂ ਜੀ ਨੂੰ ਉੱਥੇ ਬੈਠਣ ਲਈ ਬੇਨਤੀ ਕੀਤੀ। ਉਸ ਦਿਨ ਤੋਂ ਮਗਰੋਂ ਸ਼ਾਹ ਸ਼ਰਫ ਗੁਰੂ ਜੀ ਦਾ ਪੱਕਾ ਸ਼ਰਧਾਲੂ ਹੋ ਗਿਆ ਸੀ। 

ਰੋਸ਼ਨ ਜ਼ਮੀਰ

ਰੋਸ਼ਨ ਜ਼ਮੀਰ ਖੁਰਮਾ ਦਾ ਰਹਿਣ ਵਾਲ਼ਾ ਪੀਰ ਸੀ, ਜਿਸ ਨੂੰ ਆਪਣੇ-ਆਪ 'ਤੇ ਬੇਅੰਤ ਭਰਮ ਸੀ ਤੇ ਸੁਭਾਅ ਦਾ ਗਰਮ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਤੋਂ ਹੁੰਦੇ ਹੋਏ ਰੌਸ਼ਨ ਜ਼ਮੀਰ ਕੋਲ ਪਹੁੰਚੇ ਤਾਂ ਇਸ ਨੂੰ ਕੁਦਰਤ ਦੀ ਹੋਈ ਦੇ ਭੇਦ ਦੱਸੇ। ਆਪਸੀ ਵਿਚਾਰ ਚਰਚਾ ਵਿਚ ਗੁਰੂ ਜੀ ਨੇ ਮੁਸਲਮਾਨਾਂ ਦੇ ਕਲਮਾਂ, ਨਮਾਜ਼, ਰੋਜ਼ਾ, ਜ਼ਕਾਤ, ਸਦਕਾ ਸੁੰਨਤ ਤੇ ਫ਼ਰਜ਼ਾਂ ਦਾ ਜ਼ਿਕਰ ਕਰਦਿਆਂ ਕਿਹਾ, " ਇਨ੍ਹਾਂ ਸਾਰੀਆਂ ਰਸਮਾਂ ਤੋਂ ਉਪਰ ਉਠ ਕੇ ਹਰ ਮੁਸਲਮਾਨ ਨੂੰ ਇਸ ਵਿਚਲੇ ਰੂਹਾਨੀ ਸੱਚ ਨੂੰ ਸਮਝਣਾ ਤੇ ਨਿੱਜੀ ਜਿੰਦਗੀ ਵਿੱਚ ਢਾਲਣ ਦਾ ਯਤਨ ਕਰਨਾ ਚਾਹੀਦਾ ਹੈ। " ਤਾਂ ਰੌਸ਼ਨ ਜ਼ਮੀਰ ਦੁਆਰਾ ਕਈ ਤਰ੍ਹਾਂ ਦੇ ਪਾਏ ਹੋਏ ਭੁਲੇਖੇ ਦੂਰ ਕੀਤੇ ਤੇ ਇਸ ਨੇ ਗੁਰੂ ਜੀ ਦੀ ਗੱਲ ਮੰਨ ਕੇ ਨਿਮਰਤਾ ਗ੍ਰਹਿਣ ਕੀਤੀ ਤੇ ਗੁਰੂ ਜੀ ਨੂੰ ਚਾਹੁਣ ਵਾਲ਼ਿਆਂ ਦੀ ਮਾਲ਼ਾ 'ਚ ਸ਼ਾਮਲ ਹੋ ਗਿਆ। 

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਖ਼ਲੀਫਾ ਬੱਕਰ


rajwinder kaur

Content Editor

Related News