ਸ੍ਰੀ ਗੁਰੂ ਨਾਨਕ ਦੇਵ ਜੀ 554ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ 'ਚ ਲੱਗੀਆਂ ਰੌਣਕਾਂ, ਵਿਸ਼ਾਲ ਨਗਰ ਕੀਰਤਨ ਅੱਜ
Sunday, Nov 26, 2023 - 11:12 AM (IST)
ਸੁਲਤਾਨਪੁਰ ਲੋਧੀ (ਸੋਢੀ)-ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦੇ 554ਵੇਂ ਪ੍ਰਕਾਸ਼ ਗੁਰਪੁਰਬ ਦੀ ਖ਼ੁਸ਼ੀ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੁੱਖ ਦਰਬਾਰ ਸਾਹਿਬ ਵਿਖੇ ਅੱਜ ਅੱਧੀ ਰਾਤ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਬੜੀ ਸ਼ਰਧਾ ਭਾਵਨਾ ਨਾਲ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ 27 ਨਵੰਬਰ ਦੀ ਅੱਧੀ ਰਾਤ ਨੂੰ 1.30 ਵਜੇ ਪਾਏ ਜਾਣਗੇ। ਇਸ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਦੂਰ ਦੁਰਾਡੇ, ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਪੁੱਜੀਆਂ।
ਇਸ ਤੋਂ ਪਹਿਲਾਂ ਪੂਰਾ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ। ਸੰਗਤਾਂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ। ਗੁਰਦੁਆਰਾ ਸ੍ਰੀ ਬੇਰ ਸਾਹਿਬ, ਗੁਰਦੁਆਰਾ ਹੱਟ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿਚ ਸੰਗਤਾਂ ਦੀ ਭਾਰੀ ਰੌਣਕ ਰਹੀ । ਇਸ ਸਮੇਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਨੇ ਦੱਸਿਆ ਕਿ 26 ਨਵੰਬਰ ਨੂੰ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਵੇਰੇ 11 ਵਜੇ ਦੇ ਕਰੀਬ ਆਰੰਭ ਹੋਵੇਗਾ। ਇਸ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸ਼ਿਰਕਤ ਕਰਨਗੇ।
ਇਹ ਵੀ ਪੜ੍ਹੋ : ਪੁਲਸ ਤੇ ਨਿਹੰਗਾਂ ਵਿਚਾਲੇ ਹੋਏ ਵਿਵਾਦ ਦੌਰਾਨ ਬੰਧਕ ਬਣਾਏ ਨਿਹੰਗ ਸਿੰਘਾਂ ਦੀ ਨਵੀਂ ਵੀਡੀਓ ਆਈ ਸਾਹਮਣੇ
ਵਿਸ਼ਾਲ ਨਗਰ ਕੀਰਤਨ ਦਾਨਾ ਮੰਡੀ, ਤਲਵੰਡੀ ਪੁਲ ਚੌਕ, ਆਰੀਆ ਸਮਾਜ ਚੌਂਕ, ਗੁਰੂ ਕਾ ਬਾਗ ਸਾਹਿਬ, ਚੌਂਕ ਚੇਲਿਆਂ ਵਾਲਾ, ਸਦਰ ਬਾਜ਼ਾਰ ਆਦਿ ਵੱਖ-ਵੱਖ ਬਾਜ਼ਾਰਾਂ ਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਵੇਗਾ। ਇਸ ਸਮੇਂ ਵਿਸ਼ੇਸ਼ ਹਵਾਈ ਜਹਾਜ ਰਾਹੀਂ ਫੁੱਲਾਂ ਦੀ ਵਰਖਾ ਹੋਵੇਗੀ। ਇਸੇ ਤਰ੍ਹਾਂ 26 ਨਵੰਬਰ ਦੀ ਸ਼ਾਮ ਤੋਂ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ, ਜੋਕਿ 28 ਨਵੰਬਰ ਦੀ ਸਵੇਰ ਤੱਕ ਜਾਰੀ ਰਹਿਣਗੇ। ਇਸ ਤੋਂ ਇਲਾਵਾ 27 ਨਵੰਬਰ ਦੀ ਸ਼ਾਮ 7 ਵਜੇ ਸ਼ਾਨਦਾਰ ਦੀਪਮਾਲਾ ਅਤੇ ਆਤਿਸ਼ਬਾਜ਼ੀ ਚਲਾਈ ਜਾਵੇਗੀ। ਗਿਆਨੀ ਹਰਜਿੰਦਰ ਸਿੰਘ ਹੈੱਡ ਗ੍ਰੰਥੀ ਨੇ ਦੱਸਿਆ ਕਿ ਪ੍ਰਕਾਸ਼ ਗੁਰਪੁਰਬ ਮੌਕੇ 27 ਨਵੰਬਰ ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਗੁਰਦੁਆਰਾ ਬੇਰ ਸਾਹਿਬ ਵਿਖੇ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਅੰਮ੍ਰਿਤ ਛਕਣ ਵਾਲੇ ਅਭਿਲਾਖੀਆਂ ਨੂੰ ਆਪਣੇ ਨਾਮ ਪਹਿਲਾਂ ਲਿਖਵਾਉਣ ਦੀ ਅਪੀਲ ਕੀਤੀ।
ਇਸ ਸਮੇਂ ਸਰਬਜੀਤ ਸਿੰਘ ਧੂੰਦਾ, ਬੇਰ ਸਾਹਿਬ ਦੇ ਮੀਤ ਮੈਨੇਜਰ ਭਾਈ ਚੈਂਚਲ ਸਿੰਘ, ਭੁਪਿੰਦਰ ਸਿੰਘ ਰੀਕਾਰਡ ਕੀਪਰ, ਗੁਰਪ੍ਰੀਤ ਸਿੰਘ ਫੱਤੂਢੀਂਗਾ, ਜਥੇਦਾਰ ਦਿਲਬਾਗ ਸਿੰਘ ਗਿੱਲ, ਪਰਮਜੀਤ ਸਿੰਘ ਪ੍ਰਚਾਰਕ,ਗੁਰੂ ਤੇਗ ਬਹਾਦਰ ਨੌਜਵਾਨ ਸਭਾ ਦੇ ਪ੍ਰਧਾਨ ਜਸਕਰਨਬੀਰ ਸਿੰਘ ਗੋਲਡੀ, ਗੁਰੂ ਨਾਨਕ ਸੇਵਕ ਜਥਾ ਦੇ ਪ੍ਰਧਾਨ ਭਾਈ ਨਿਰਵੈਲ ਸਿੰਘ ਧਾਲੀਵਾਲ, ਭਾਈ ਚਰਨਜੀਤ ਸਿੰਘ, ਅੰਮ੍ਰਿਤ ਵੇਲਾ ਪ੍ਰਕਰਮਾ ਸੇਵਾ ਸੋਸਾਇਟੀ ਦੇ ਮੈਂਬਰ ਸਰਵਣ ਸਿੰਘ, ਨਿਰਵੈਰ ਖਾਲਸਾ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਲਾਲੀ ਹਾਜ਼ਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711