ਸਿਆਸਤ ਨੂੰ ਪਿੱਛੇ ਛੱਡ ਕੇ ਕੈਪਟਨ ਵੱਲੋਂ ਪ੍ਰਕਾਸ਼ ਪੁਰਬ ਮਿਲ ਕੇ ਮਨਾਉਣ ਦੀ ਅਪੀਲ
Wednesday, Nov 06, 2019 - 07:15 PM (IST)
ਚੰਡੀਗੜ੍ਹ —ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਅੱਜ ਚੰਡੀਗੜ੍ਹ ਵਿਖੇ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਵਿਸ਼ੇਸ਼ ਇਜਲਾਸ ਦੀ ਕਾਰਵਾਈ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲੈਂਦੇ ਹੋਏ ਵਿਧਾਨ ਸਭਾ 'ਚ ਕਰਤਾਰਪੁਰ ਲਾਂਘੇ 'ਤੇ ਸਿਆਸਤ ਛੱਡ ਕੇ ਪਹਿਲੀ ਪਾਤਸ਼ਾਹੀ ਜੀ ਦਾ ਪ੍ਰਕਾਸ਼ ਪੁਰਬ ਮਿਲ ਕੇ ਮਨਾਉਣ ਦੀ ਅਪੀਲ ਕੀਤੀ।
ਸਾਰਿਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਜਿਹੜੇ ਵਿਰੋਧੀ ਧਿਰ ਮੇਰੇ ਕੋਲ ਆਏ ਸਨ, ਉਨ੍ਹਾਂ ਨੇ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਇਕ ਖਾਸ ਮੌਕਾ ਮਿਲਿਆ ਹੈ ਕਿ ਅਸੀਂ ਇਥੇ ਸੈਸ਼ਨ 'ਚ ਆਪਣੇ ਦਿਲ ਦੀ ਗੱਲ ਰੱਖ ਸਕੀਏ। ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲੈਂਦੇ ਹੋਏ ਬੇਨਤੀ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਸਿਆਸਤ ਨੂੰ ਪਿੱਛੇ ਛੱਡ ਕੇ ਅਸੀਂ ਸਾਰੇ ਇਕੱਠੇ ਮਿਲ ਕੇ ਬਾਬੇ ਨਾਨਕ ਦਾ ਨਾਮ ਜਪੀਏ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਕੋ ਸਟੇਜ 'ਤੇ ਬੈਠ ਕੇ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਸਕੀਏ ਤਾਂ ਇਸ ਨਾਲ ਇਕ ਚੰਗਾ ਸੰਦੇਸ਼ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡਾ ਮੁਲਕ ਟੁੱਟਦਾ ਜਾ ਰਿਹਾ ਹੈ ਅਤੇ ਸਿਰਫ ਆਪਸ 'ਚ ਏਕਤਾ ਬਣਾਉਣ ਦੀ ਲੋੜ ਹੈ।