ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ''ਚ 8 ਏਕੜ ਜ਼ਮੀਨ ''ਤੇ ਤਿਆਰ ਕੀਤਾ ਜਾ ਰਿਹੈ ਲੰਗਰ (ਤਸਵੀਰਾਂ)

11/03/2019 3:37:31 PM

ਸੁਲਤਾਨਪੁਰ ਲੋਧੀ (ਧੀਰ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕਰਨ 'ਚ ਵੱਖ-ਵੱਖ ਸੰਤਾਂ-ਮਹਾਪੁਰਸ਼ਾਂ ਅਤੇ ਧਾਰਮਕ ਸੰਸਥਾਵਾਂ ਵਲੋਂ ਵਿਸ਼ਾਲ ਲੰਗਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਕਰੀਬ 70 ਲੰਗਰ ਲਾਉਣ ਵਾਲੀਆਂ ਸੰਸਥਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਲੰਗਰ ਲਾਉਣ ਵਾਲਿਆਂ ਦੀ ਕੜੀ ਬੀਤੇ ਦਿਨ ਕਾਰ ਸੇਵਾ ਸੰਪ੍ਰਦਾਇ ਦੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਅੰਮ੍ਰਿਤਸਰ ਵੱਲੋਂ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਵਿਸ਼ਾਲ ਲੰਗਰ ਦੀ ਸ਼ੁਰੂਆਤ ਗੁ. ਸ੍ਰੀ ਬੇਰ ਸਾਹਿਬ ਰੋਡ 'ਤੇ ਸਾਹਮਣੇ ਸਫਰੀ ਪੈਲੇਸ ਵਿਖੇ ਕੀਤੀ ਗਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਗਿ. ਰਘਬੀਰ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲਿਆਂ ਨੇ ਲੰਗਰ ਦੀ ਆਰੰਭਤਾ ਦੀ ਅਰਦਾਸ ਕੀਤੀ। ਇਸ ਮੌਕੇ ਕਰਵਾਏ ਧਾਰਮਕ ਸਮਾਗਮ 'ਚ ਬੀਬੀ ਸੁਪਰੀਤ ਕੌਰ ਅਤੇ ਭਾਈ ਜਰਨੈਲ ਸਿੰਘ ਦੇ ਕੀਰਤਨੀ ਜਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸ਼ੁਰੂਆਤ ਕੀਤੀ ਗਈ।

8 ਏਕੜ 'ਚ ਫੈਲਿਆ ਲੰਗਰ ਵਾਲਾ ਸਥਾਨ
ਕਰੀਬ 8 ਏਕੜ ਲੰਗਰ ਵਾਲੇ ਸਥਾਨ ਦਾ ਨਾਂ ਬੀਬੀ ਨਾਨਕੀ ਲੰਗਰ ਹਾਲ ਰੱਖਿਆ ਗਿਆ ਹੈ। ਜਿਸ ਦਾ ਡਿਜ਼ਾਈਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਉਂਦਾ ਹੈ, ਜਿਸ ਨੂੰ 3 ਹਿੱਸਿਆਂ 'ਚ ਵੰਡਿਆ ਗਿਆ ਹੈ। ਪਹਿਲੇ ਹਿੱਸੇ 'ਚ ਰਸਦ ਦਾ ਸਟੋਰ, ਦੂਜੇ ਹਿੱਸੇ 'ਚ ਲੰਗਰ ਤਿਆਰ ਕਰਨਾ ਅਤੇ ਸਭ ਤੋਂ ਵੱਡੇ ਹਿੱਸੇ ਨੂੰ ਸੰਗਤਾਂ ਦੇ ਲੰਗਰ ਛਕਾਉਣ ਲਈ ਰੱਖਿਆ ਗਿਆ ਹੈ।

5000 ਦੀ ਗਿਣਤੀ 'ਚ ਇਕੋ ਸਮੇਂ ਸੰਗਤਾਂ ਛਕ ਸਕਦੀਆਂ ਨੇ ਲੰਗਰ
ਲੰਗਰ ਛਕਾਉਣ ਲਈ ਬਣਾਏ ਹਿੱਸੇ 'ਚ ਇਕੋ ਸਮੇਂ ਕਰੀਬ 5000 ਸੰਗਤਾਂ ਲੰਗਰ ਛਕ ਸਕਦੀਆਂ ਹਨ। ਜਿਨ੍ਹਾਂ ਦੀ ਸੇਵਾ ਲਈ 70 ਪਿੰਡਾਂ 'ਚ 7 ਹਜ਼ਾਰ ਦੀ ਗਿਣਤੀ 'ਚ ਸੇਵਾਦਾਰ ਸੇਵਾ ਨਿਭਾਅ ਰਹੇ ਹਨ। ਸਫਾਈ ਤੋਂ ਲੈ ਕੇ ਬਰਤਨਾਂ ਦੀ ਸੇਵਾ, ਸਬਜ਼ੀਆਂ ਕੱਟਣ ਅਤੇ ਸਮੁੱਚੇ ਕੰਪਲੈਕਸ ਨੂੰ ਸਾਫ ਅਤੇ ਸੁੰਦਰ ਰੱਖਣ ਲਈ 8-8 ਘੰਟੇ ਦੀਆਂ ਸ਼ਿਫਟਾਂ 'ਚ ਸੇਵਾਦਾਰ ਆਪਣੀ ਡਿਊਟੀ ਦੇ ਰਹੇ ਹਨ।

PunjabKesari

24 ਘੰਟੇ ਲੰਗਰ ਤਿਆਰ ਕਰਨਗੇ 300 ਕਾਰੀਗਰ
ਵੱਖ-ਵੱਖ ਪਕਵਾਨਾਂ ਨੂੰ ਤਿਆਰ ਕਰਨ ਲਈ 300 ਦੇ ਕਰੀਬ ਕਾਰੀਗਰ ਬੁਲਾਏ ਗਏ ਹਨ, ਜੋ ਸੰਗਤਾਂ ਨੂੰ 24 ਘੰਟੇ ਲੰਗਰ ਦੀ ਸੇਵਾ ਦੇਣ ਲਈ ਪਕਵਾਨ ਤਿਆਰ ਕਰਨਗੇ। ਸਵੇਰੇ ਅੰਮ੍ਰਿਤ ਵੇਲੇ 2 ਵਜੇ ਤੋਂ 9 ਵਜੇ ਤੱਕ ਸੰਗਤਾਂ ਨੂੰ ਚਾਹ, ਪਕੌੜੇ ਅਤੇ ਹੋਰ ਕੋਈ ਮਿੱਠਾ ਉਪਲਬਧ ਕਰਵਾਇਆ ਜਾਵੇਗਾ। ਪਕੌੜੇ ਮਠਿਆਈ ਤੋਂ ਇਲਾਵਾ 3 ਕਿਸਮ ਦੇ ਪਰਸ਼ਾਦੇ ਰਵਾਇਤੀ ਲੋਹਾਂ 'ਤੇ ਤਿਆਰ ਕੀਤੇ ਜਾਣਗੇ। ਇਸ ਤੋਂ ਇਲਾਵਾ ਤੰਦੂਰੀ ਰੋਟੀ ਵੀ ਸੰਗਤਾਂ ਨੂੰ ਮਿਲੇਗੀ। ਕਾਫੀ ਦਾ ਸਟਾਫ 24 ਘੰਟੇ ਲਗਾਤਾਰ ਚੱਲੇਗਾ।

ਗੁਰੂ ਨਾਨਕ ਦੇਵ ਜੀ ਦੇ ਫਲਸਫੇ ਬਾਰੇ ਵੀ ਕਰਵਾਇਆ ਜਾਵੇਗਾ ਜਾਣੂ
ਲੰਗਰ ਛਕਣ ਤੋਂ ਬਾਅਦ ਸੰਗਤਾਂ ਲਈ ਇਕ ਵਿਸ਼ਾਲ ਐੱਲ. ਈ. ਡੀ. ਸਕਰੀਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਇਤਿਹਾਸਕ ਸਥਾਨ 'ਤੇ ਫਲਸਫੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜਿਸ ਨੂੰ ਸੰਗਤਾਂ ਬਹੁਤ ਆਗਮਨ ਨਾਲ ਬੈਠ ਕੇ ਵੇਖ ਸਕਣਗੀਆਂ।

PunjabKesari

ਰਵਾਇਤੀ ਭੱਠੀਆਂ 'ਤੇ ਕੀਤੀ ਜਾਵੇਗੀ ਦਾਲ-ਸਬਜ਼ੀ ਤਿਆਰ
ਲੰਗਰ ਲਈ ਦਾਲ-ਸਬਜ਼ੀ ਤਿਆਰ ਕਰਨ ਲਈ ਰਵਾਇਤੀ ਭੱਠੀਆਂ ਦਾ ਵੀ ਬੰਦੋਬਸਤ ਕੀਤਾ ਹੋਇਆ ਹੈ। ਜਿਸ 'ਚ ਲੱਕੜੀ ਬਹੁਤ ਘੱਟ ਬਲੇਗੀ ਅਤੇ ਇਹ ਵਾਤਾਵਰਣ ਨੂੰ ਵੀ ਪ੍ਰਦੂਸ਼ਣ ਨਹੀਂ ਕਰੇਗੀ। ਤਾਜ਼ਾ ਸਬਜ਼ੀਆਂ ਵੀ ਸੰਗਤਾਂ ਨੂੰ ਹਰ ਸਮੇਂ ਮਿਲਣਗੀਆਂ। ਇਹ ਲੰਗਰ 20 ਨਵੰਬਰ ਤੱਕ 24 ਘੰਟੇ ਨਿਰੰਤਰ ਚੱਲੇਗਾ।

PunjabKesari

ਲੰਗਰ ਦੀ ਸ਼ੁਰੂਆਤ ਮੌਕੇ ਵੱਡੀ ਗਿਣਤੀ 'ਚ ਸੰਤ-ਮਹਾਪੁਰਸ਼
ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਗਿ. ਹਰਪ੍ਰੀਤ ਸਿੰਘ ਜੀ ਅਕਾਲ ਤਖ਼ਤ ਸਾਹਿਬ ਵਾਲੇ, ਹੈੱਡ ਗ੍ਰੰਥੀ ਜਗਤਾਰ ਸਿੰਘ ਜੀ, ਭਾਈ ਜਸਵਿੰਦਰ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ, ਬਾਬਾ ਗੁਰਨਾਮ ਸਿੰਘ ਸਰਹਾਲੀ ਸਾਹਿਬ, ਭਾਈ ਰਾਮ ਸਿੰਘ ਮੀਡੀਆ ਇੰਚਾਰਜ, ਬਾਬਾ ਅਵਤਾਰ ਸਿੰਘ ਪੱਤਲ, ਬਾਬਾ ਹਰਭਜਨ ਸਿੰਘ ਭਲਵਾਨ ਜੀ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਬਾਬਾ ਦਇਆ ਸਿੰਘ ਟਾਹਲੀ ਸਾਹਿਬ, ਬਾਬਾ ਗੁਰਬਚਨ ਸਿੰਘ ਦਮਦਮਾ ਸਾਹਿਬ ਠੱਟਾ ਵਾਲੇ, ਸੰਤ ਮਹਾਤਮਾ ਮੁਨੀ ਖੈੜਾ ਬੇਟ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਦਿਲਬਾਗ ਸਿੰਘ ਗਿੱਲ, ਸਤਨਾਮ ਸਿੰਘ ਗਿੱਲ, ਸੰਤ ਜਗਤਾਰ ਸਿੰਘ ਸਿੰਘ ਨੈਣੀ ਕੋਟ, ਸਤਨਾਮ ਸਿੰਘ, ਆਨੰਦਪੁਰ ਸਾਹਿਬ, ਬਾਬਾ ਬਲਵਿੰਦਰ ਸਿੰਘ ਭਗਵਾਨ ਜੀ, ਬਾਵਾ ਸਿੰਘ ਗੁਮਾਨਪੁਰ ਸਾਬਕਾ ਵਿੱਤ ਮੰਤਰੀ ਪੰਜਾਬ ਅਤੇ ਰਜਿੰਦਰ ਸਿੰਘ ਮਹਿਤਾ, ਮਹਾ ਸਿੰਘ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਐੱਸ. ਜੀ. ਪੀ. ਸੀ., ਜਥੇ. ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਐੱਸ. ਜੀ. ਪੀ. ਸੀ., ਰਾਮ ਸਿੰਘ ਭਿੰਡਰ, ਸੁਰਜੀਤ ਸਿੰਘ ਢਿੱਲੋਂ, ਜਥੇ. ਗੁਰਦਿਆਲ ਸਿੰਘ ਖਾਲਸਾ, ਗੋਪਾਲ ਸਿੰਘ ਕੋਠਾਰੀ ਅਤੇ ਰਾਣਾ ਪਲਵਿੰਦਰ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ।


shivani attri

Content Editor

Related News