550 ਸਾਲਾ ਪ੍ਰਕਾਸ਼ ਪੁਰਬ 'ਤੇ ਧਰਮਿੰਦਰ ਦਾ ਨਿਵੇਕਲਾ ਉਪਰਾਲਾ, ਜਾਣੋ ਕੀ ਹੈ ਮਕਸਦ (ਵੀਡੀਓ)
Monday, Jun 03, 2019 - 06:40 PM (IST)
ਸੁਲਤਾਨਪੁਰ ਲੋਧੀ (ਰਣਜੀਤ ਸਿੰਘ ਥਿੰਦ)— ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਉਦਾਸੀਆਂ ਤੋਂ ਪ੍ਰਭਾਵਿਤ ਹੋ ਕੇ ਬੈਂਗਲੁਰੂ ਦੇ ਵਸਨੀਕ ਧਰਮਿੰਦਰ ਕੁਮਾਰ ਨੇ ਇਕ ਅਨੌਖਾ ਰਾਹ ਇਖਤਿਆਰ ਕੀਤਾ ਹੈ। ਧਰਮਿੰਦਰ ਕੁਮਾਰ ਨੇ ਰਨ ਫਾਰ ਹੰਗਰ ਮੁਹਿੰਮ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀਆਂ ਉਦਾਸੀਆਂ ਦੇ ਰਾਹਾਂ 'ਤੇ ਪੈਦਲ ਯਾਤਰਾ ਦੀ ਸ਼ੁਰੂਆਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਧਰਮਿੰਦਰ ਨੇ 17 ਮਾਰਚ ਨੂੰ ਸੁਲਤਾਨਪੁਰ ਲੋਧੀ ਤੋਂ ਆਪਣੀ ਪਹਿਲੀ ਯਾਤਰਾ ਆਰੰਭ ਕੀਤੀ ਸੀ, ਜਿਸ ਦੌਰਾਨ ਉਹ ਪੰਜਾਬ, ਹਰਿਆਣਾ ਅਤੇ ਦਿੱਲੀ 'ਚ ਜਿੱਥੇ-ਜਿੱਥੇ ਗੁਰੂ ਜੀ ਗਏ ਉਨ੍ਹਾਂ ਥਾਵਾਂ 'ਤੇ ਯਾਤਰਾ ਲਈ ਪਹੁੰਚੇ। ਢਾਈ ਮਹੀਨੇ ਬਾਅਦ ਪਹਿਲੀ ਉਦਾਸੀ ਮੁਕੰਮਲ ਹੋਣ 'ਤੇ ਧਰਮਿੰਦਰ ਮੁੜ ਸੁਲਤਾਨਪੁਰ ਲੋਧੀ ਨਤਮਸਤਕ ਹੋਣ ਪਹੁੰਚੇ, ਜਿੱਥੇ ਐੱਸ. ਜੀ. ਪੀ. ਸੀ. ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦੱਸ ਦੇਈਏ ਕਿ ਹੁਣ 2 ਦਿਨ ਬਾਅਦ ਧਰਮਿੰਦਰ ਵੱਲੋਂ ਗੁਰੂ ਜੀ ਦੀ ਦੂਜੀ ਉਦਾਸੀ ਨੂੰ ਪੂਰਾ ਕਰਨ ਲਈ ਆਪਣਾ ਸਫਰ ਸ਼ੁਰੂ ਕੀਤਾ ਜਾਵੇਗਾ।