ਸ੍ਰੀ ਗੁਰੂ ਹਰਿ ਰਾਏ ਜੀ ਦੇ ਪ੍ਰ੍ਰਕਾਸ਼ ਪੁਰਵ 'ਤੇ ਵਿਸ਼ੇਸ਼

02/17/2019 10:00:20 AM

ਜਲੰਧਰ - ਗੁਰੂ ਨਾਨਕ ਪਾਤਸ਼ਾਹ ਦੀ ਸੱਤਵੀਂ ਜੋਤ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ 16 ਜਨਵਰੀ 1630 ਈ. ਨੂੰ ਗੁਰੂ ਹਰਗੋਬਿੰਦ ਜੀ ਦੇ ਵੱਡੇ ਫਰਜੰਦ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਸਾਹਿਬ ਜੀ ਨੇ ਆਪਣਾ ਬਚਪਨ ਕੀਰਤਪੁਰ ਸਾਹਿਬ 'ਚ ਬਤੀਤ ਕੀਤਾ। ਜਦੋਂ ਉਹ 8 ਕੁ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਬਾਬਾ ਗੁਰਦਿੱਤਾ ਜੀ ਗੁਰਪੁਰੀ ਪਿਆਣਾ ਕਰ ਗਏ। ਉਨ੍ਹਾਂ ਨੇ ਆਪਣੀ ਉਮਰ ਦੇ ਅਗਲੇਰੇ 10 ਸਾਲ ਆਪਣੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਨਜ਼ਰਸਾਨੀ ਹੇਠ ਬਤੀਤ ਕੀਤੇ। ਇਸ ਨਜ਼ਰਸਾਨੀ ਸਦਕਾ ਹੀ ਉਨ੍ਹਾਂ ਦੇ ਵਿਅਕਤੀਤਵ 'ਚ ਦਾਦਾ ਗੁਰੂ ਵਾਲੀਆਂ ਸਿਫ਼ਤਾਂ ਹੀ ਪ੍ਰਤੀਬਿੰਬ ਹੁੰਦੀਆਂ ਰਹੀਆਂ ਹਨ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੀ ਪ੍ਰਾਇਮਰੀ ਤਾਲੀਮ ਭਾਈ ਦਰਗਾਹ ਮੱਲ ਤੋਂ ਹਾਸਲ ਕੀਤੀ ਅਤੇ ਸ਼ਸਤਰ ਕਲਾ ਭਾਈ ਬਿਧੀ ਚੰਦ ਛੀਨਾ ਤੋਂ ਗ੍ਰਹਿਣ ਕੀਤੀ। ਗੁਰੂ ਜੀ ਵਿਸ਼ੇਸ਼ ਲਗਨ, ਮਿਹਨਤ ਅਤੇ ਉਸਤਾਦਾਂ ਦੀ ਸੰਜੀਦਗੀ ਦਸਕਾ ਉਹ 13-14 ਸਾਲ ਦੀ ਉਮਰ ਤੱਕ ਸ਼ਸ਼ਤਰ ਅਤੇ ਸ਼ਾਸਤਰ ਸਿੱਖਿਆ 'ਚ ਬਰਾਬਰਤਾ ਨਾਲ ਮੁਹਾਰਤ ਪ੍ਰਾਪਤ ਕਰ ਗਏ। ਉਨ੍ਹਾਂ ਦੇ ਉਸਤਾਦਾਂ 'ਚ ਪੁਰੋਹਿਤ ਜਾਤੀ ਮੱਲ ਦਾ ਨਾਂ ਵੀ ਜ਼ਿਕਰਯੋਗ ਹੈ।

ਗੁਰੂ ਸਾਹਿਬ ਜੀ ਜਿੱਥੇ ਗਿਆਨਵਾਨ, ਮਿੱਠੇ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ, ਉੱਥੇ ਹੀ ਉਨ੍ਹਾਂ ਦਾ ਹਿਰਦਾ ਕੋਮਲ ਤੇ ਤਰਸੀਲਾ ਸੀ। ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਇਕ ਵਾਰ ਉਹ ਕਰਤਾਰਪੁਰ ਦੇ ਬਾਗ਼ 'ਚ ਸੈਰ ਕਰ ਰਹੇ ਸਨ ਅਤੇ ਉਸ ਸਮੇਂ ਤੇਜ਼ ਹਵਾ ਵਗ ਰਹੀ ਸੀ। ਹਵਾ ਦੇ ਕਾਰਨ ਉਨ੍ਹਾਂ ਦਾ ਜਾਮਾ ਕੁਝ ਬੂਟਿਆਂ ਨਾਲ ਉਲਝ ਗਿਆ। ਇਸ ਉਲਝਣ ਸਦਕਾ ਕੁਝ ਫੁੱਲ ਟਹਿਣੀ ਨਾਲੋਂ ਟੁੱਟ ਕੇ ਹੇਠਾਂ ਡਿੱਗ ਪਏ। ਟੁੱਟੇ ਫੁੱਲਾਂ ਨੂੰ ਦੇਖ ਕੇ ਗੁਰੂ ਸਾਹਿਬ ਜੀ ਦੇ ਕੋਮਲ ਹਿਰਦੇ ਨੂੰ ਬਹੁਤ ਠੇਸ ਪਹੁੰਚੀ। ਇੰਨੇ ਚਿਰ 'ਚ ਗੁਰੂ ਹਰਗੋਬਿੰਦ ਸਾਹਿਬ ਜੀ ਉਨ੍ਹਾਂ ਕੋਲ ਆਏ, ਜਿਨ੍ਹਾਂ ਨੇ ਉਨ੍ਹਾਂ ਤੋਂ ਉਨ੍ਹਾਂ ਦੀ ਉਦਾਸੀ ਦਾ ਕਾਰਨ ਪੁੱਛਿਆ। ਉਨ੍ਹਾਂ ਨੇ ਗੁਰੂ ਜੀ ਨੂੰ ਦੱਸਿਆ, ''ਸੱਚੇ ਪਾਤਸ਼ਾਹ ਜੀ ਮੇਰੇ ਖੁੱਲ੍ਹੇ ਜਾਮੇ ਨਾਲ ਅੜ ਕੇ ਇਹ ਨਿਰਦੋਸ਼ ਫੁੱਲ ਹੇਠਾਂ ਡਿੱਗ ਪਏ ਹਨ।'' ਇਸ 'ਤੇ ਛੇਵੇਂ ਪਾਤਸ਼ਾਹ ਜੀ ਨੇ ਉਪਦੇਸ਼ਮਈ ਜਵਾਬ ਦਿੰਦਿਆਂ ਕਿਹਾ ਕਿ ਜੇ ਜਾਮਾ ਵੱਡਾ ਪਹਿਨੀਏ ਤਾਂ ਸੰਭਲ ਕੇ ਤੁਰਨਾ ਚਾਹੀਦਾ ਹੈ। ਉਪਦੇਸ਼ ਬੜਾ ਸਪੱਸ਼ਟ ਸੀ ਕਿ ਜੇ ਜ਼ਿੰਮੇਵਾਰੀ ਵੱਡੀ ਚੁੱਕ ਲਈਏ ਤਾਂ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਇਹ ਤਾਕਤ ਨਿਆਸਰਿਆਂ ਦਾ ਆਸਰਾ ਬਣਨੀ ਚਾਹੀਦੀ ਹੈ। ਗੁਰੂ ਹਰਿ ਰਾਏ ਜੀ ਨੇ ਆਪਣੇ ਦਾਦਾ ਗੁਰੂ ਦੇ ਉਪਦੇਸ਼ ਨੂੰ ਪੱਲੇ ਬੰਨ੍ਹ ਲਿਆ। ਸਾਰੀ ਉਮਰ ਉਨ੍ਹਾਂ ਨੇ ਇਸ ਉਪਦੇਸ਼ ਦੀ ਕਮਾਈ ਕੀਤੀ ਤੇ ਤਾਣ ਹੁੰਦਿਆਂ ਵੀ ਨਿਤਾਣੇ ਬਣੇ ਰਹੇ।

ਗੁਰੂ ਹਰਿ ਰਾਏ ਸਾਹਿਬ ਜੀ ਦਾ ਵਿਆਹ ਅਨੂਪ ਸ਼ਹਿਰ (ਯੂ.ਪੀ.) ਦੇ ਵਸਨੀਕ ਦਇਆ ਰਾਮ ਦੀ ਸਪੁੱਤਰੀ ਬੀਬੀ ਕ੍ਰਿਸ਼ਨ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਸਪੁੱਤਰ ਸ੍ਰੀ ਰਾਮ ਰਾਏ ਤੇ ਸ੍ਰੀ ਹਰਿਕ੍ਰਿਸ਼ਨ ਜੀ ਨੇ ਜਨਮ ਲਿਆ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ 3 ਮਾਰਚ 1644 ਨੂੰ ਜੋਤੀ ਜੋਤ ਸਮਾ ਗਏ। ਉਸ ਤੋਂ ਪੰਜ ਦਿਨ ਬਾਅਦ 8 ਮਾਰਚ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਭਾਨਾ (ਸਪੁੱਤਰ ਬਾਬਾ ਬੁੱਢਾ ਸਾਹਿਬ) ਨੇ ਗੁਰੂ ਹਰਿ ਰਾਏ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ।ਗੁਰੂ ਜੀ ਇੰਨੇ ਰਹਿਮ ਦਿਲ ਸਨ ਕਿ ਕਿਸੇ ਵੀ ਦੁੱਖੀ ਦੇ ਦੁੱਖ ਨੂੰ ਸਹਿਣ ਨਹੀਂ ਸਨ ਕਰ ਸਕਦੇ। ਇਸ ਲਈ ਰੋਗੀਆਂ ਨੂੰ ਨਿਰੋਗ ਕਰਨ ਲਈ ਉਨ੍ਹਾਂ ਨੇ ਦਵਾਖ਼ਾਨਾ ਖੋਲ੍ਹਿਆ ਹੋਇਆ ਸੀ। ਇਸ ਦਵਾਖ਼ਾਨੇ 'ਚ ਗ਼ਰੀਬਾਂ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਸਨ। ਮੁਗ਼ਲ ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋਹ ਵੀ ਉਨ੍ਹਾਂ ਵਲੋਂ ਦਿੱਤੀਆਂ ਦਵਾਈਆਂ ਦੀ ਬਦੌਲਤ ਹੀ ਸਿਹਤਯਾਬ ਹੋਇਆ ਸੀ। ਜਦੋਂ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਤਾਂ ਉਨ੍ਹਾਂ ਨੇ ਆਪਣੇ ਜੇਠੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਅਤੇ ਹਦਾਇਤ ਕੀਤੀ ਕਿ ਔਰੰਗਜ਼ੇਬ ਦੇ ਦਰਬਾਰ 'ਚ ਜਾ ਕੇ ਜੋ ਵੀ ਬਚਨ ਬਿਲਾਸ ਕਰਨੇ ਹਨ, ਉਹ ਗੁਰੂ ਨਾਨਕ ਪਾਤਸ਼ਾਹ ਦੇ ਆਸ਼ੇ ਅਨੁਸਾਰ ਹੋਣੇ ਚਾਹੀਦੇ ਹਨ ਪਰ ਗੁਰੂ ਸਾਹਿਬ ਜੀ ਦੀ ਹਦਾਇਤ ਦੇ ਉਲਟ ਰਾਮ ਰਾਏ ਜੀ ਨੇ ਬਾਦਸ਼ਾਹ ਨੂੰ ਖ਼ੁਸ਼ ਕਰਨ ਹਿੱਤ ਰੱਬੀ ਬਾਣੀ 'ਚ ਹੇਰ-ਫੇਰ ਕਰ ਕੇ ਬਾਦਸ਼ਾਹ ਨੂੰ ਤਾਂ ਖ਼ੁਸ਼ ਕਰ ਲਿਆ ਪਰ ਗੁਰੂ ਨਾਨਕ ਦੇ ਘਰ ਨਾਲ ਸਦਾ ਵਾਸਤੇ ਨਾਰਾਜ਼ਗੀ ਮੁੱਲ ਲੈ ਲਈ।

ਗੁਰੂ ਹਰਿ ਰਾਏ ਸਾਹਿਬ ਜੀ ਨੂੰ ਰਾਮ ਰਾਏ ਦੀ ਇਸ ਕਾਰਵਾਈ ਨਾਲ ਬੜਾ ਦੁੱਖ ਹੋਇਆ ਅਤੇ ਉਨ੍ਹਾਂ ਨੇ ਫ਼ੈਸਲਾ ਲਿਆ ਕਿ ਉਹ ਸਾਰੀ ਉਮਰ ਉਸ ਨੂੰ ਮੂੰਹ ਨਹੀਂ ਲਾਉਣਗੇ। ਇਸੇ ਕਰਕੇ ਉਨ੍ਹਾਂ ਨੇ ਗੁਰਗੱਦੀ ਦਾ ਹੱਕਦਾਰ ਆਪਣੇ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਜੀ ਨੂੰ ਬਣਾਇਆ ਸੀ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਅਖ਼ਰੀਲਾ ਸਮਾਂ ਕੀਰਤਪੁਰ ਸਾਹਿਬ 'ਚ ਹੀ ਬੀਤਿਆ। 6 ਅਕਤੂਬਰ 1661 (ਸੰਮਤ 1718) ਨੂੰ ਉਹ ਜੋਤੀ ਜੋਤ ਸਮਾ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸਤਲੁਜ ਦਰਿਆ ਦੇ ਕੰਢੇ ਪਾਤਾਲਪੁਰੀ 'ਚ ਕੀਤਾ ਗਿਆ।


rajwinder kaur

Content Editor

Related News