ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 315ਵਾਂ ਸੰਪੂਰਨਤਾ ਦਿਹਾੜਾ
Sunday, Aug 29, 2021 - 03:02 PM (IST)
ਤਲਵੰਡੀ ਸਾਬੋ (ਮੁਨੀਸ਼ ਗਰਗ) - ਮਾਲਵੇ ਅੰਦਰ ਸਥਿੱਤ ਸਿੱਖ ਜਗਤ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 315ਵੇਂ ਸੰਪੂਰਨਤਾ ਦਿਹਾੜੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਗਏ। ਤਖ਼ਤ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਤਿੰਨ ਦਿਨਾਂ ਤੋਂ ਪ੍ਰਕਾਸ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਤਖ਼ਤ ਸਾਹਿਬ ਦੇ ਹਜੂਰੀ ਰਾਗੀ ਜਥੇ ਵੱਲੋਂ ਰਸਮਈ ਕੀਰਤਨ ਕੀਤਾ ਗਿਆ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ ਵਲੋਂ ਇਸ ਮੌਕੇ ਅਰਦਾਸ ਕੀਤੀ ਗਈ। ਭੋਗ ਉਪਰੰਤ ਤਖ਼ਤ ਸਾਹਿਬ ਵਿਖੇ ਧਾਰਮਿਕ ਸਟੇਜ ਸਜਾਈ ਗਈ।
ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਕਮੇਟੀ ਦੇ ਹੋਰ ਕਈ ਮੈਂਬਰਾਂ ਨੇ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਭਾਈ ਮਨਬੀਰ ਸਿੰਘ ਰਬਾਬੀ ਰਾਗੀ ਜਥਾ ਤਰਨਤਾਰਨ ਸਾਹਿਬ ਨੇ ਸੰਗਤਾਂ ਨੂੰ ਰਸਮਈ ਕੀਰਤਨ ਕੀਤਾ। ਸਮਾਗਮ ਵਿੱਚ ਇਲਾਕੇ ਦੀਆਂ ਧਾਰਮਿਕ ਸ਼ਖ਼ਸੀਅਤਾਂ, ਸ਼੍ਰੋਮਣੀ ਕਮੇਟੀ ਮੈਂਬਰ ਤੇ ਰਾਜਨੀਤੀ ਆਗੂਆਂ ਨੇ ਹਾਜ਼ਰੀ ਲਵਾਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸੰਦੇਸ਼ ਦਿੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋ ਦੱਸੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ, ਜਦੋਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਵਧਾਈ ਦਿੱਤੀ। ਤਖ਼ਤ ਸਾਹਿਬ ਵਿਖੇ ਜਿਥੇ ਸਮਾਗਮ ਨੂੰ ਲੈ ਕੇ ਵਿਸ਼ੇਸ਼ ਰੋਸ਼ਨੀ ਕੀਤੀ ਗਈ, ਉਥੇ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਵੀ ਅਮ੍ਰਿੰਤ ਸੰਚਾਰ ਕਰਵਾਇਆ ਗਿਆ।